ਬਰਨਾਲਾ, 27 ਫਰਵਰੀ (ਧਰਮਪਾਲ ਸਿੰਘ, ਬਲਜੀਤ ਕੌਰ)-
ਬਰਨਾਲਾ ਪੁਲਿਸ ਵੱਲੋਂ ਲੋਕਾਂ ਦੇ ਗੁੰਮ ਹੋਏ ਮੋਬਾਈਲ ਫੋਨਾਂ ਨੂੰ ਟਰੇਸ ਕਰਕੇ ਉਨ੍ਹਾਂ ਦੇ ਮਾਲਕਾਂ ਤੱਕ ਪਹੁੰਚਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ, ਜਿਸ ਤਹਿਤ 125 ਮੋਬਾਈਲ ਫੋਨ ਲੱਭ ਕੇ ਵਾਪਸ ਕੀਤੇ ਗਏ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਐਸ.ਐਸ.ਪੀ. ਬਰਨਾਲਾ ਸ਼੍ਰੀ ਮੁਹੰਮਦ ਸਰਫ਼ਰਾਜ ਆਲਮ ਨੇ ਦੱਸਿਆ ਕਿ ਕਿਸੇ ਵਿਅਕਤੀ ਦਾ ਮੋਬਾਈਲ ਗੁੰਮ ਹੋ ਜਾਣ ਨਾਲ ਉਸ ਦਾ ਨੁਕਸਾਨ ਹੁੰਦਾ ਹੈ, ਬਲਕਿ ਉਸਦੇ ਕੀਮਤੀ ਡਾਟੇ ਦਾ ਵੀ ਖਤਰਾ ਬਣ ਜਾਂਦਾ ਸੀ। ਇਹੀ ਕਾਰਨ ਹੈ ਕਿ ਬਰਨਾਲਾ ਪੁਲਿਸ ਨੇ ਇੱਕ ਵਿਸ਼ੇਸ਼ ਟੀਮ ਬਣਾਈ, ਜੋ ਗੁੰਮ ਹੋਏ ਮੋਬਾਈਲ ਫੋਨਾਂ ਦੀ ਖੋਜ ਕਰ ਰਹੀ ਹੈ। ਇਹ ਮੁਹਿੰਮ ਸ਼੍ਰੀ ਸਨਦੀਪ ਸਿੰਘ ਮੰਡ (ਐਸ.ਪੀ.ਡੀ ), ਸ਼੍ਰੀ ਜਤਿੰਦਰਪਾਲ ਸਿੰਘ ਡੀ.ਐਸ.ਪੀ (ਸਾਈਬਰ ਕਰਾਈਮ) ਅਤੇ ਸਬ-ਇੰਸਪੈਕਟਰ ਨਿਰਮਲਜੀਤ ਸਿੰਘ ਦੀ ਅਗਵਾਈ ਹੇਠ ਚਲਾਈ ਗਈ। ਸਾਈਬਰ ਸੈੱਲ ਬਰਨਾਲਾ ਨੇ ਸੀਈਆਈਆਰ ਪੋਰਟਲ, ਪੁਲਿਸ ਸਾਂਝ ਕੇਂਦਰਾਂ ਅਤੇ ਸੀਨੀਅਰ ਅਧਿਕਾਰੀਆਂ ਕੋਲ ਪ੍ਰਾਪਤ ਹੋਈਆਂ ਦਰਖਾਸਤਾਂ ਦੇ ਆਧਾਰ ‘ਤੇ ਮੋਬਾਈਲ ਟਰੇਸ ਕਰਨ ਦੀ ਕਾਰਵਾਈ ਸ਼ੁਰੂ ਕੀਤੀ।ਸਬ-ਇੰਸਪੈਕਟਰ ਨਿਰਮਲਜੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਤਕਨੀਕੀ ਢੰਗ ਨਾਲ 125 ਮੋਬਾਈਲ ਫੋਨ ਲੱਭਣ ਵਿੱਚ ਸਫਲਤਾ ਹਾਸਲ ਕੀਤੀ। ਗੁੰਮ ਹੋਏ ਇਹ ਫੋਨ ਅਸਲੀ ਮਾਲਕਾਂ ਨੂੰ ਬੁਲਾ ਕੇ ਉਨ੍ਹਾਂ ਦੇ ਹਵਾਲੇ ਕੀਤੇ ਜਾ ਰਹੇ ਹਨ।