Thursday, May 02, 2024  

ਲੇਖ

ਨਰੋਏ ਜਿਗਰ ਲਈ ਸਰਗਰਮ ਜੀਵਨ ਤੇ ਨਰੋਈ ਖ਼ੁਰਾਕ ਲੋੜੀਂਦੀ

April 18, 2024

ਵਿਸ਼ਵ ਜਿਗਰ ਦਿਵਸ (ਵਰਲਡ ਲੀਵਰ ਡੇ) ਹਰ ਸਾਲ 19 ਅਪ੍ਰੈਲ ਨੂੰ ਜਿਗਰ ਦੀ ਸਿਹਤ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਜਿਗਰ ਦੀਆਂ ਬਿਮਾਰੀਆਂ ਨੂੰ ਰੋਕਣ ਲਈ ਮਨਾਇਆ ਜਾਂਦਾ ਹੈ। ਜਿਗਰ ਮਨੁੱਖੀ ਸਰੀਰ ਦੇ ਸਭ ਤੋਂ ਮਹੱਤਵਪੂਰਨ ਅੰਗਾਂ ਵਿੱਚੋਂ ਇੱਕ ਹੈ। ਇਹ ਪੌਸ਼ਟਿਕ ਤੱਤਾਂ ਦੀ ਪ੍ਰੋਸੈਸਿੰਗ, ਜ਼ਹਿਰੀਲੇ ਪਦਾਰਥਾਂ ਨੂੰ ਫਿਲਟਰ ਕਰਨ ਅਤੇ ਬਾਈਲ ਰਸ ਪੈਦਾ ਕਰਨ ਲਈ ਜ਼ਿੰਮੇਵਾਰ ਹੈ।ਬਾਇਲ ਇੱਕ ਤਰਲ ਪਦਾਰਥ ਹੈ ਜੋ ਜਿਗਰ ਦੁਆਰਾ ਬਣਾਇਆ ਅਤੇ ਛੱਡਿਆ ਜਾਂਦਾ ਹੈ ਅਤੇ ਪਿੱਤੇ ਦੀ ਥੈਲੀ ਵਿੱਚ ਸਟੋਰ ਕੀਤਾ ਜਾਂਦਾ ਹੈ। ਬਾਇਲ ਪਾਚਨ ਵਿੱਚ ਮਦਦ ਕਰਦਾ ਹੈ। ਇਹ ਚਰਬੀ ਨੂੰ ਫੈਟੀ ਐਸਿਡ ਵਿੱਚ ਬਦਲਦਾ ਹੈ ਜੋ ਪਾਚਨ ਟ੍ਰੈਕ ਦੁਆਰਾ ਸਰੀਰ ਦੇ ਦੂਜੇ ਹਿੱਸੇ ਵਿੱਚ ਪਹੁੰਚਦਾ ਹੈ।
ਜਿਗਰ ਮਨੁੱਖੀ ਸਰੀਰ ਵਿੱਚ ਇੱਕ ਬਹੁਤ ਮਹੱਤਵਪੂਰਨ ਅੰਗ ਹੈ। ਜੇਕਰ ਲਿਵਰ ’ਚ ਇਨਫੈਕਸ਼ਨ ਹੈ ਤਾਂ ਇਹ ਗੰਭੀਰ ਬੀਮਾਰੀ ਹੈ। ਜਿਗਰ ਵਿੱਚ ਸੋਜ ਦਾ ਸਪੱਸ਼ਟ ਮਤਲਬ ਹੈ ਕਿ ਜਿਗਰ ਦੇ ਟਿਸ਼ੂ ਅੰਦਰੋਂ ਖਰਾਬ ਹੋ ਜਾਂਦੇ ਹਨ । ਜਿਸ ਕਾਰਨ ਇਸ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇੱਕ ਵਾਰ ਜਿਗਰ ਵਿੱਚ ਲਾਗ ਲੱਗ ਜਾਂਦੀ ਹੈ ਇਹ ਹੌਲੀ-ਹੌਲੀ ਲੀਵਰ ਨੂੰ ਖਰਾਬ ਕਰਨਾ ਸ਼ੁਰੂ ਕਰ ਦਿੰਦੀ ਹੈ। ਹੁਣ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਜਿਗਰ ਦੀ ਲਾਗ ਦਾ ਪਤਾ ਕਿਵੇਂ ਲਗਾਇਆ ਜਾਵੇ। ਯਾਨੀ ਇਸ ਦੇ ਸ਼ੁਰੂਆਤੀ ਲੱਛਣਾਂ ਨੂੰ ਕਿਵੇਂ ਪਛਾਣਿਆ ਜਾਵੇ।
ਜਿਗਰ ਦੀ ਇਨਫੈਕਸ਼ਨ ਦਾ ਕੀ ਹੈ ਕਾਰਨ ?
ਜਿਗਰ ਦੀ ਲਾਗ ਦਾ ਸਭ ਤੋਂ ਵੱਡਾ ਕਾਰਨ ਵਾਇਰਸ ਅਤੇ ਪੈਰਾਸਾਈਟ ਇਨਫੈਕਸ਼ਨ ਹੈ ਜੋ ਲੀਵਰ ਨੂੰ ਡੂੰਘਾ ਨੁਕਸਾਨ ਪਹੁੰਚਾਉਂਦਾ ਹੈ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਜਿਗਰ ਦੇ ਸੈੱਲਾਂ ਰਾਹੀਂ ਸ਼ਰੀਰ ਦੇ ਦੂਜੇ ਹਿੱਸਿਆਂ ਤੱਕ ਪਹੁੰਚਦਾ ਹੈ।
ਗੰਦਾ ਭੋਜਨ ਜਾਂ ਗੰਦਾ ਪਾਣੀ ਲੀਵਰ ਨੂੰ ਖਰਾਬ ਕਰਨ ਦਾ ਸਭ ਤੋਂ ਮਹੱਤਵਪੂਰਨ ਰੋਲ ਅਦਾ ਕਰਦਾ ਹੈ। ਬਿਨਾਂ ਢਕਿਆ ਭੋਜਨ ਅਤੇ ਪਾਣੀ ਪੀਣ ਨਾਲ ਸਾਡੇ ਸਰੀਰ ਵਿੱਚ ਕਈ ਗੰਭੀਰ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੁੰਦੀਆਂ ਹਨ। ਇਹ ਰੋਗ ਲਾਗ ਵਾਲੇ ਵਿਅਕਤੀ ਦੇ ਸੰਪਰਕ ਵਿੱਚ ਆਉਣ ਨਾਲ ਵੀ ਫੈਲਦਾ ਹੈ। ਜਿਸ ਵਿਅਕਤੀ ਨੂੰ ਜਿਗਰ ਦੀ ਲਾਗ ਹੁੰਦੀ ਹੈ ਉਸਦੇ ਮਲ ਅਤੇ ਪਿਸ਼ਾਬ ਰਾਹੀਂ ਵੀ ਇਹ ਦੂਜਿਆਂ ਵਿੱਚ ਫੈਲ ਸਕਦਾ ਹੈ। ਹੈਪੇਟਾਈਟਸ ਏ, ਹੈਪੇਟਾਈਟਸ ਬੀ, ਹੈਪੇਟਾਈਟਸ ਸੀ ਆਦਿ ਤੋਂ ਬਾਅਦ ਲੀਵਰ ਖਰਾਬ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ ਹਨ। ਹੈਪੀਟਾਈਟਸ ਬੀ ਅਤੇ ਹੈਪੀ ਟਾਈਟਸ ਸੀ ਤੋਂ ਬਾਅਦ ਲੀਵਰ ਦਾ ਕੈਂਸਰ ਹੋਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ। ਜਿਗਰ ਦਾ ਕੈਂਸਰ ਜਿਸਨੂੰ ਕਿ ਹੈਪੇਟਿਕ ਕੈਂਸਰ ਜਾਂ ਪ੍ਰਾਇਮਰੀ ਹੈਪੇਟਿਕ ਕੈਂਸਰ ਵੀ ਕਿਹਾ ਜਾਂਦਾ ਹੈ। ਜਿਹੜਾ ਕੈਂਸਰ ਕਿਸੇ ਹੋਰ ਸਰੀਰਕ ਅੰਗ ਤੋਂ ਜਿਗਰ ਨੂੰ ਹੋਵੇ ਉਸਨੂੰ ਲਿਵਰ ਮੈਟਾਸਟੇਸਿਸ ਕਿਹਾ ਜਾਂਦਾ ਹੈ। ਜਿਸ ਨਾਲ ਸਰੀਰ ਦੀ ਪ੍ਰਤੀ ਰੱਖਿਅਕ ਪ੍ਰਣਾਲੀ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ ਤੇ ਸਰੀਰ ਬਿਮਾਰੀਆਂ ਨਾਲ ਲੜ ਨਹੀਂ ਪਾਉਂਦਾ। ਇਸ ਤੋਂ ਇਲਾਵਾ ਬਾਇਲ ਡਕਟ ਨਾਲ ਸੰਬੰਧਿਤ ਬਿਮਾਰੀਆਂ ਦੇ ਕਾਰਨ ਵੀ ਸਰੀਰ ਵਿੱਚ ਲੀਵਰ ਵਰਗਾ ਮੁੱਖ ਅੰਗ ਸਹੀ ਤਰੀਕੇ ਨਾਲ ਕੰਮ ਕਰਨਾ ਬੰਦ ਕਰ ਦਿੰਦਾ ਹੈ।
ਜਿਗਰ ਦੀ ਲਾਗ ਦੇ ਕੀ ਹਨ ਲੱਛਣ ?
ਜਿਗਰ ਦੀ ਲਾਗ ਦੇ ਸ਼ੁਰੂਆਤੀ ਪੜਾਅ ਵਿੱਚ ਪੇਟ ਵਿੱਚ ਗੰਭੀਰ ਦਰਦ ਹੁੰਦਾ ਹੈ। ਇਸ ਤੋਂ ਇਲਾਵਾ ਕੁਝ ਲੋਕਾਂ ’ਚ ਪੇਟ ’ਚ ਸੋਜ ਦੀ ਸਮੱਸਿਆ ਵੀ ਦੇਖੀ ਜਾ ਸਕਦੀ ਹੈ। ਜਿਗਰ ਨਾਲ ਸਬੰਧਤ ਸਮੱਸਿਆਵਾਂ ਦੇ ਮਾਮਲੇ ਵਿੱਚ ਪੀਲੀਆ ਹੋ ਸਕਦਾ ਹੈ। ਇਸ ਸਥਿਤੀ ਵਿੱਚ ਮਰੀਜ਼ ਨੂੰ ਤੁਰੰਤ ਇਲਾਜ ਦੀ ਲੋੜ ਹੁੰਦੀ ਹੈ।
ਲਿਵਰ ਇਨਫੈਕਸ਼ਨ ਦੇ ਮਾਮਲੇ ’ਚ ਚਮੜੀ ’ਤੇ ਧੱਫੜ ਅਤੇ ਸਕਿਨ ਇਨਫੈਕਸ਼ਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਜੇਕਰ ਪਿਸ਼ਾਬ ਦਾ ਰੰਗ ਬਦਲਦਾ ਹੈ ਤਾਂ ਵੀ ਲੀਵਰ ਇਨਫੈਕਸ਼ਨ ਦਾ ਖ਼ਤਰਾ ਹੋ ਸਕਦਾ ਹੈ। ਲੀਵਰ ਇਨਫੈਕਸ਼ਨ ਤੋਂ ਪੀੜਤ ਮਰੀਜ਼ਾਂ ਦੀ ਭੁੱਖ ਘੱਟ ਲੱਗ ਜਾਂਦੀ ਹੈ। ਇਸ ਤੋਂ ਇਲਾਵਾ ਜਿਗਰ ਦੀ ਲਾਗ ਕਾਰਨ ਕੁਝ ਲੋਕਾਂ ਨੂੰ ਉਲਟੀਆਂ ਅਤੇ ਮਤਲੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਜਿਗਰ ਦੀ ਇਨਫੈਕਸ਼ਨ ਨੂੰ ਰੋਕਣ ਲਈ ਸੁਝਾਅ : ਜਿਗਰ ਦੀ ਲਾਗ ਨੂੰ ਰੋਕਣ ਲਈ ਮਰੀਜ਼ਾਂ ਨੂੰ ਆਪਣੀ ਜੀਵਨ ਸ਼ੈਲੀ ਨੂੰ ਬਦਲਣ ਦੀ ਲੋੜ ਹੁੰਦੀ ਹੈ।
ਸ਼ਰਾਬ ਅਤੇ ਸਿਗਰਟਨੋਸ਼ੀ ਤੋਂ ਦੂਰੀ ਬਣਾ ਕੇ ਰੱਖੋ। ਭੋਜਨ ਵਿੱਚ ਘੱਟ ਤੋਂ ਘੱਟ ਤੇਲ ਅਤੇ ਮਸਾਲਿਆਂ ਦਾ ਸੇਵਨ ਕਰੋ। ਬਹੁਤ ਸਾਰਾ ਭਾਵ ਖ਼ੂਬ ਪਾਣੀ ਪੀਓ। ਚੀਨੀ ਅਤੇ ਨਮਕ ਦਾ ਸੇਵਨ ਵੀ ਘੱਟ ਕੀਤਾ ਜਾਵੇ ਤਾਂ ਲਾਹੇਵੰਦ ਰਹੇਗਾ। ਭਾਰ ਨੂੰ ਕੰਟਰੋਲ ਵਿੱਚ ਰੱਖੋ।
ਸਵੇਰ ਦੀ ਸੈਰ ਅਤੇ ਕਸਰਤ ਕਰੋ।
ਲੀਵਰ ਇੰਨਫੈਕਸ਼ਨ ਦੇ ਮਾਮਲੇ ਵਿੱਚ ਸੰਤਿ੍ਰਪਤ ਅਤੇ ਟ੍ਰਾਂਸ ਫੈਟ ਵਾਲੇ ਪ੍ਰੋਸੈਸਡ ਭੋਜਨਾਂ ਦਾ ਸੇਵਨ ਕਰਨ ਤੋਂ ਬਚੋ ਜਿਵੇਂ ਕਿ ਰੈੱਡ ਮੀਟ, ਮੱਖਣ, ਪਨੀਰ, ਤਲੇ ਹੋਏ ਭੋਜਨ, ਮਿੱਠੀਆਂ ਚੀਜ਼ਾਂ, ਕੈਂਡੀ, ਕੇਕ, ਕੁਕੀਜ਼, ਸੋਡਾ ਅਤੇ ਜੂਸ। ਹਾਲਾਂਕਿ ਇਸ ਸਥਿਤੀ ਵਿੱਚ ਤੁਸੀਂ ਹਰੀਆਂ ਪੱਤੇਦਾਰ ਸਬਜ਼ੀਆਂ, ਜੈਤੂਨ ਦਾ ਤੇਲ, ਮੇਵੇ ਅਤੇ ਬੀਜ, ਓਟਸ ਅਤੇ ਨਾਰੀਅਲ ਪਾਣੀ ਲੈ ਸਕਦੇ ਹੋ। ਇਸ ਤੋਂ ਇਲਾਵਾ ਇਸ ਸਥਿਤੀ ’ਚ ਗ੍ਰੀਨ ਟੀ ਪੀਣਾ ਵੀ ਫਾਇਦੇਮੰਦ ਹੋ ਸਕਦਾ ਹੈ। ਇਸ ਤੋਂ ਇਲਾਵਾ ਤੁਹਾਨੂੰ ਰੋਜ਼ਾਨਾ ਯੋਗਾ ਕਰਨਾ ਚਾਹੀਦਾ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਇਲਾਵਾ ਸ਼ਰਾਬ ਦੇ ਸੇਵਨ ਤੋਂ ਬਚੋ। ਨਾਲ ਹੀ ਕਿਤੇ ਵੀ ਕੁਝ ਵੀ ਖਾਣ-ਪੀਣ ਤੋਂ ਪਰਹੇਜ਼ ਕਰੋ। ਸਿਗਰਟਨੋਸ਼ੀ ਨਾ ਕਰੋ ਅਤੇ ਇੱਕ ਸਿਹਤਮੰਦ ਭੋਜਨ ਖਾਓ। ਨਾਲ ਹੀ ਜਿਗਰ ਨੂੰ ਸਿਹਤਮੰਦ ਰੱਖਣ ਲਈ ਇੱਕ ਸਰਗਰਮ ਜੀਵਨ ਸ਼ੈਲੀ ਐਕਟਿਵ ਲਾਈਫ ਸਟਾਈਲ ਦੀ ਪਾਲਣਾ ਕਰੋ ਅਤੇ ਇੱਕ ਸਿਹਤਮੰਦ ਖੁਰਾਕ ਹੈਲਧੀ ਡਾਇਟ ਲਓ।
ਲੀਵਰ ਨੂੰ ਠੀਕ ਕਰਨ ਦੇ ਘਰੇਲੂ ਨੁਸਖੇ- ਲੀਵਰ ਦੀ ਸੋਜ ਘੱਟ ਕਰਨ ਦੇ ਲਈ ਰੋਜ਼ਾਨਾ ਗਾਜਰ ਦਾ ਜੂਸ ਪੀਓ । ਇਸ ਤੋਂ ਇਲਾਵਾ ਗਾਜਰ ਦੇ ਜੂਸ ਵਿੱਚ ਪਾਲਕ ਦਾ ਜੂਸ ਮਿਲਾ ਕੇ ਵੀ ਪੀ ਸਕਦੇ ਹੋ।
ਲੀਵਰ ਦੀ ਸੋਜ ਘੱਟ ਕਰਨ ਲਈ ਰੋਜ਼ਾਨਾ 1 ਗਿਲਾਸ ਪਾਣੀ ਵਿੱਚ 1 ਚਮਚਾ ਸੇਬ ਦਾ ਸਿਰਕਾ, 1 ਚਮਚਾ ਸ਼ਹਿਦ ਮਿਲਾ ਕੇ ਪੀਓ। ਇਸ ਨਾਲ ਸਰੀਰ ਦੇ ਵਿਸ਼ੈਲੇ ਤੱਤ ਬਾਹਰ ਨਿਕਲ ਜਾਂਦੇ ਹਨ ਅਤੇ ਲੀਵਰ ਦੀ ਸੋਜ ਘੱਟ ਹੋ ਜਾਂਦੀ ਹੈ ਅਤੇ ਦਰਦ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ 1 ਗਿਲਾਸ ਪਾਣੀ ਵਿੱਚ 1 ਨਿੰਬੂ ਦਾ ਰਸ ਅਤੇ ਥੋੜ੍ਹਾ ਜਿਹਾ ਸੇਂਧਾ ਨਮਕ ਮਿਲਾ ਕੇ ਰੋਜ਼ਾਨਾ ਦਿਨ ਵਿੱਚ 2-3 ਵਾਰ ਪੀਓ। ਇਸ ਨਾਲ ਲੀਵਰ ਦੀ ਗਰਮੀ ਦੂਰ ਹੋ ਜਾਂਦੀ ਹੈ।
ਲੀਵਰ ਦੀ ਗਰਮੀ ਅਤੇ ਸੋਜ ਘੱਟ ਕਰਨ ਲਈ ਪਾਲਕ ਅਤੇ ਗਾਜਰ ਦਾ ਜੂਸ ਮਿਲਾ ਕੇ ਸਵੇਰੇ ਸ਼ਾਮ ਪੀਣਾ ਚਾਹੀਦਾ ਹੈ। ਇਸ ਜੂਸ ਨਾਲ ਲੀਵਰ ਦੀ ਸੋਜ ਅਤੇ ਗਰਮੀ ਦੀ ਸਮੱਸਿਆ ਜਲਦੀ ਠੀਕ ਹੋ ਜਾਂਦੀ ਹੈ। ਲੀਵਰ ਦੀ ਗਰਮੀ ਨੂੰ ਕੱਢਣ ਲਈ ਮਲੱਠੀ ਦਾ ਉਪਯੋਗ ਕਰ ਸਕਦੇ ਹਾਂ। ਮੁਲੱਠੀ ਦੀ ਜੜ੍ਹ ਦਾ ਚੂਰਨ ਬਣਾ ਕੇ ਉਸ ਨੂੰ ਪਾਣੀ ਵਿੱਚ ਉਬਾਲ ਕੇ ਪੀਓ। ਲੀਵਰ ਦੀ ਕਮਜ਼ੋਰੀ ਹੋਣ ਤੇ ਰੋਜ਼ਾਨਾ ਰਾਤ ਨੂੰ ਹਲਦੀ ਵਾਲਾ ਦੁੱਧ ਪੀਣ ਨਾਲ ਇਹ ਕਮਜ਼ੋਰੀ ਖ਼ਤਮ ਹੋ ਜਾਂਦੀ ਹੈ।
ਲੈਕਚਰਾਰ ਲਲਿਤ ਗੁਪਤਾ
-ਮੋਬਾ: 9781590500

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ