ਡੇਰਾਬੱਸੀ, 30 ਮਾਰਚ (ਰਾਜੀਵ ਗਾਂਧੀ, ਗੁਰਜੀਤ ਸਿੰਘ ਈਸਾਪੁਰ) : ਅੰਬਾਲਾ ਚੰਡੀਗੜ੍ਹ ਹਾਈਵੇ 'ਤੇ ਸੁਖਮਨੀ ਡੈਂਟਲ ਕਾਲਜ ਨੇੜੇ ਇਕ ਕੰਪਨੀ ਨੇ ਮਨੁੱਖਤਾ ਦੀ ਸੇਵਾ ਦੇ ਨਾਂ 'ਤੇ ਡੇਰਾਬੱਸੀ ਸਿਵਲ ਹਸਪਤਾਲ ਨੂੰ ਲੱਖਾਂ ਰੁਪਏ ਦਾ ਮੈਡੀਕਲ ਸਾਜ਼ੋ-ਸਾਮਾਨ ਅਤੇ ਉਪਕਰਣ ਦਾਨ ਕੀਤੇ ਹਨ। ਡੇਰਾਬੱਸੀ ਦੇ ਐਸ.ਐਮ.ਓ. ਡਾ. ਧਰਮਿੰਦਰ ਸਿੰਘ ਨੇ ਦਾਨ ਦੇਣ ਵਾਲੀ ਫੋਰਵੀਆ ਹੈਲਾ ਇੰਡੀਆ ਲਾਈਨਿੰਗ ਲਿਮਟਿਡ ਕੰਪਨੀ ਦਾ ਧੰਨਵਾਦ ਕੀਤਾ। ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ ਫੈਕਟਰੀ ਨੇ ਟਰੱਕ ਵਿਚ ਲੱਦਿਆ ਸਾਮਾਨ ਡੇਰਾਬੱਸੀ ਸਿਵਲ ਹਸਪਤਾਲ ਦੇ ਹਵਾਲੇ ਕਰ ਦਿੱਤਾ ਗਿਆ। ਹਸਪਤਾਲ ਦੇ ਐਸ.ਐਮ.ਓ ਡਾ.ਧਰਮਿੰਦਰ ਸਿੰਘ ਨੇ ਦੱਸਿਆ ਕਿ ਸੌਂਪੀਆਂ ਗਈਆਂ ਵਸਤਾਂ ਵਿੱਚ ਆਈ.ਵੀ. ਸਟੈਂਡ, ਭਰੂਣ ਦਾ ਡੋਪਲਰ, ਰੂਮ ਹੀਟਰ, ਲੈਪਰੋਸਕੋਪੀ ਸਰਜਰੀ ਨਾਲ ਸਬੰਧਤ ਵਸਤੂਆਂ, ਅਲਮਾਰੀਆਂ, ਮਰੀਜ਼ਾਂ ਦੇ ਬੈਠਣ ਲਈ ਕੁਰਸੀਆਂ, ਦਫ਼ਤਰੀ ਮੇਜ਼, ਦਫ਼ਤਰੀ ਕੁਰਸੀਆਂ, ਬੈੱਡਸ਼ੀਟਾਂ, ਏਅਰ ਕੰਡੀਸ਼ਨਰ, ਫਰਿੱਜ ਆਦਿ ਸ਼ਾਮਿਲ ਹਨ। ਧਰਮਿੰਦਰ ਸਿੰਘ ਨੇ ਸਥਾਨਕ ਸਨਅਤਕਾਰਾਂ ਸਮੇਤ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਿੱਥੇ ਧਾਰਮਿਕ ਸਥਾਨਾਂ 'ਤੇ ਦਾਨ ਅਤੇ ਸੇਵਾ ਕਰਦੇ ਹਨ, ਉੱਥੇ ਸਿਹਤ ਸਹੂਲਤਾਂ ਨੂੰ ਵੀ ਆਪਣੇ ਦਾਇਰੇ 'ਚ ਲਿਆਉਣ ਤਾਂ ਜੋ ਲੋਕਾਂ ਦੀ ਵੱਧ ਤੋਂ ਵੱਧ ਭਲਾਈ ਹੋ ਸਕੇ । ਉਕਤ ਸਮਾਨ ਦੀ ਆਮਦ ਨਾਲ ਡੇਰਾਬੱਸੀ ਸਿਵਲ ਹਸਪਤਾਲ ਦੇ ਸਟਾਫ਼ ਅਤੇ ਮਰੀਜ਼ਾਂ ਨੂੰ ਕਾਫੀ ਫਾਇਦਾ ਹੋਵੇਗਾ। ਇਸ ਮੌਕੇ ਡਾਇਰੈਕਟਰ ਮਨੋਜ ਸਿੰਘ, ਅਦਿਤੀ ਸ਼ਰਮਾ, ਅਰੁਣ ਮਿੱਤਲ, ਨਰਿੰਦਰ ਨੈਣੇਵਾਲ, ਵਿਕਰਮ ਚੌਹਾਨ, ਗੌਰਵ ਸੋਨੀ, ਹਰਿੰਦਰ ਕੌਰ ਸੰਧੂ ਤੋਂ ਇਲਾਵਾ ਸੀਨੀਅਰ ਨਰਸਿੰਗ ਅਫਸਰ, ਸੀਐਚਓ ਇੰਦਰਜੀਤ ਕੌਰ ਅਤੇ ਹਸਪਤਾਲ ਤੋਂ ਇੰਸਪੈਕਟਰ ਰਜਿੰਦਰ ਸਿੰਘ ਵੀ ਹਾਜ਼ਰ ਸਨ।