ਨੈਟਫਲਿਕਸ ਤੇ 12 ਅਪ੍ਰੈਲ ਨੂੰ ਹੋਵੇਗੀ ਰਿਲੀਜ਼
ਨੂਰਪੁਰ ਬੇਦੀ, 1 ਅਪ੍ਰੈਲ (ਕੁਲਦੀਪ ਸ਼ਰਮਾ) : ਪੰਜਾਬ ਦੇ ਨਾਮੀ ਗਾਇਕ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੇ ਜੀਵਨ ਤੇ ਗਾਇਕ ਦਿਲਜੀਤ ਦੁਸਾਂਝ ਅਤੇ ਹੀਰੋਇਨ ਪ੍ਰਨਿਤੀ ਚੋਪੜਾ ਨਵੀਂ ਬਣੀ ਫਿਲਮ 12 ਅਪ੍ਰੈਲ ਨੂੰ ਨੈਟਫਲਿਕਸ ਤੇ ਰਿਲੀਜ਼ ਕੀਤੀ ਜਾ ਰਹੀ ਹੈ।ਇਸ ਫਿਲਮ ਦੀ ਸ਼ੂਟਿੰਗ ਪੰਜਾਬ ਦੇ ਸੰਗਰੂਰ, ਮਾਨਸਾ,ਜਲੰਧਰ ਅਤੇ ਲੁਧਿਆਣਾ ਜ਼ਿਲ੍ਹਿਆ ਵਿਚ ਕੀਤੀ ਗਈ ।ਨਾਮੀ ਫਿਲਮਕਾਰ ਤੇ ਨਿਰਮਾਤਾ ਇਮਤਿਆਜ਼ ਅਲੀ ਵਲੋਂ ਤਿਆਰ ਕੀਤੀ ਇਸ ਫਿਲਮ ਨੂੰ ਏ.ਆਰ ਰਹਿਮਾਨ ਵਲੋਂ ਸੰਗੀਤ ਦਿੱਤਾ ਗਿਆ।ਪੰਜਾਬ ਵਿਚ ਇਸ ਫਿਲਮ ਦੀ ਸ਼ੂਟਿੰਗ 40 ਦਿਨ ਤੱਕ ਚੱਲੀ।ਫਿਲਮ ਦੀ ਸ਼ੂੁਟਿੰਗ ਦੌਰਾਨ ਕਲਾਕਾਰ ਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਕਾਰ ਚਾਲਕ ਵਜੋ ਨੂਰਪੁਰ ਬੇਦੀ ਬਲਾਕ ਦੇ ਪਿੰਡ ਮੁੰਨੇ ਦਾ ਚਾਲਕ ਧਰਮ ਸਿੰਘ ਉਹਨਾਂ ਨਾਲ ਰਿਹਾ।
ਇਸ ਫਿਲਮ ਅਤੇ ਦਿਲਜੀਤ ਦੋਸਾਂਝ ਬਾਰੇ ਇਸ ਟੈਕਸੀ ਚਾਲਕ ਨੇ ਇਸ ਪੱਤਰਕਾਰ ਕੋਲ ਕਈ ਤਜ਼ਰਬੇ ਸਾਂਝੇ ਕੀਤੇ। ਧਰਮ ਸਿੰਘ ਨੇ ਦੱਸਿਆ ਕਿ ਉਹ ਸਾਰੀ ਸ਼ੂਟਿੰਗ ਦੌਰਾਨ ਦਿਲਜੀਤ ਦੋਸਾਂਝ ਦੇ ਨਾਲ ਰਿਹਾ ।ਉਹ ਖੁਦ ਚਮਕੀਲੇ ਦਾ ਵੱਡਾ ਫੈਨ ਹੈ।ਧਰਮ ਸਿੰਘ ਨੇ ਦੱਸਿਆ ਕਿ ਚਮਕੀਲੇ ਦੇ ਜੀਵਨ ਬਾਰੇ ਬਣੀ ਇਹ ਫਿਲਮ ਲਈ ਸਾਰੀ ਟੀਮ ਵਲੋਂ ਬੁਹਤ ਮਿਹਨਤ ਕੀਤੀ ਗਈ।ਫਿਲਮ ਦੀ ਸ਼ੂਟਿੰਗ ਲਈ ਚਮਕੀਲੇ ਦੇ ਜੀਵਨ ਨਾਲ ਢੁਕਵੇ ਸਥਾਨ ਚੁਣੇ ਗਏ।ਉਹਨਾਂ ਦੱਸਿਆ ਕਿ ਮਹਿਸਮਪੁਰ (ਨੇੜੇ ਫਿਲੋਰ) ਜਿਥੇ ਚਮਕੀਲੇ ਨੂੰ 8 ਮਾਰਚ 1988 ਨੂੰ ਗੋਲੀਆਂ ਨਾਲ ਭੁੰਨਿਆ ਗਿਆ ਸੀ, ਉਸ ਥਾਂ ਤੇ ਵੀ ਫਿਲਮ ਦੇ ਸੀਨਾਂ ਦਾ ਫਿਲਮਾਂਕਣ ਕੀਤਾ ਗਿਆ।ਜਿਸ ਮੋਟਰ ਦੇ ਕੋਠੇ ਤੇ ਬੈਠ ਕੇ ਉਹਨਾਂ ਦੋਨਾਂ ਨੇ ਆਖਰੀ ਵਾਰ ਰੋਟੀ ਖਾਧੀ ਸੀ, ਉਹ ਸੀਨ ਵੀ ਇਥੇ ਕੀਤਾ ਗਿਆ।ਧਰਮ ਸਿੰਘ ਨੇ ਦੱਸਿਆ ਕਿ ਗਾਇਕ ਦਿਲਜੀਤ ਨੇ ਆਪਣੀ ਹਿੱਕ ਦੇ ਜ਼ੋਰ ਨਾਲ ਚਮਕੀਲੇ ਵਾਂਗ ਗੀਤ ਗਾਏ ਅਤੇ ਫਿਲਮ ਦੇ ਨਿਦੇਸ਼ਕ ਤੇ ਹੋਰਨਾਂ ਵਲੋਂ ਦਿਲਜੀਤ ਨੂੰ ਚਮਕੀਲੇ ਵਰਗੀ ਦਿੱਖ ਦਿੱਤੀ ਗਈ।ਉਹਨੇ ਦੱਸਿਆ ਕਿ ਦਿਲਜੀਤ ਨੇ ਚਮਕੀਲਾ ਬਣਨ ਲਈ ਕੋਈ ਵਾਲ ਨਹੀ ਕਟਵਾਏ।ਜਿਸ ਦੀ ਕੁਝ ਲੋਕਾਂ ਵਲੋਂ ਗਲਤ ਅਲੋਚਨਾ ਕੀਤੀ ਗਈ ਹੈ।ਧਰਮ ਸਿੰਘ ਨੇ ਕਿ ਦਿਲਜੀਤ ਨੇ ਉਸ ਨੂੰ ਸੈਲਫੀ ਲੈਣ ਲਈ ਕਦੀ ਮਨਾ ਨਹੀ ਕੀਤਾ।ਸਗੋਂ ਉਹ ਆਪਣੇ ਸਹਿਕਰਮੀਆਂ ਨੂੰ ਬੁਹਤ ਪਿਆਰ ਕਰਦਾ ਹੈ।ਦੋਸਤਾਂ ਵਾਂਗ ਰਹਿੰਦਾ ਤੇ ਵਰਤਦਾ ਹੈ।ਫਿਲਮ ਦੇ ਹੋਰ ਤਜ਼ਰਬੇ ਸਾਂਝੇ ਕਰਦਿਆ ਧਰਮ ਸਿੰਘ ਨੇ ਕਿਹਾ ਕਿ ਫਿਲਮ ਦੇ ਇਕ ਗਾਣੇ ਨੂੰ ਸ਼ੂਟ ਕਰਦਿਆਂ ਦਿਲਜੀਤ ਨੇ ਉਸ ਗਾਣੇ ਨੂੰ 30-35 ਵਾਰ ਗਾਇਆ।ਦੱਸਣਯੋਗ ਹੈ ਕਿ ਇਸ ਫਿਲਮ ਦੇ ਨਿਰਮਾਤਾ ਇਮਤਿਆਜ਼ ਅਲੀ ਨੇ ਇਕ ਚੈਨਲ ਵਿਚ ਮੁਲਾਕਾਤ ‘ਚ ਕਿਹਾ ਕਿ ਚਮਕੀਲਾ ਪੰਜਾਬ ਦੇ ਪੇਂਡੂ ਲੋਕਾਂ ਦਾ ਠੇਠ ਲਹਿਜ਼ੇ ਵਿਚ ਗੀਤ ਗਾਉਣ ਵਾਲਾ ਕਲਾਕਾਰ ਸੀ।ਜਿਸ ਦੇ ਗੀਤ ਸੁਣ ਕੇ ਲੋਕ ਸ਼ੁਦਾਈ ਹੋ ਜਾਂਦੇ ਸਨ।ਜਦਕਿ ਦਿਲਜੀਤ ਨੇ ਕਿਹਾ ਕਿ ਚਮਕੀਲੇ ਖੁਦ ਹੀ ਗੀਤਕਾਰ, ਸੰਗੀਤਕਾਰ ਤੇ ਗਾਇਕ ਸੀ ।ਜਿਸ ਦੇ ਸੰਗੀਤ ਨੂੰ ਪੂਰੇ ਭਾਰਤ ਦੇ ਸੰਗੀਤਕਾਰ ਫੋਲੋ ਕਰਦੇ ਹਨ।