ਤਪਾ ਮੰਡੀ 3 ਅਪ੍ਰੈਲ (ਯਾਦਵਿੰਦਰ ਸਿੰਘ ਤਪਾ ) : ਸਬ ਡਵੀਜ਼ਨਲ ਹਸਪਤਾਲ ਤਪਾ ਵਿਖੇ ਇੱਕ ਔਰਤ ਦੀ ਬੱਚੇਦਾਨੀ ‘ਚੋਂ ਲਗਭਗ 3 ਕਿੱਲੋ (10*9*5 ਸੈਂਟੀਮੀਟਰ) ਦੀ ਰਸੌਲੀ ਨੂੰ ਸਫ਼ਲ ਆਪ੍ਰੇਸ਼ਨ ਕਰ ਕੇ ਬਾਹਰ ਕੱਢਿਆ ਗਿਆ ਹੈ। ਜਾਣਕਾਰੀ ਦਿੰਦਿਆਂ ਆਪ੍ਰੇਸ਼ਨਾਂ ਦੇ ਮਾਹਿਰ ਡਾ. ਗੁਰਪ੍ਰੀਤ ਸਿੰਘ ਮਾਹਲ ਨੇ ਕਿਹਾ ਕਿ ਸਿਵਲ ਸਰਜਨ ਡਾ. ਹਰਿੰਦਰ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਨਵਜੋਤਪਾਲ ਸਿੰਘ ਭੁੱਲਰ ਦੀ ਅਗਵਾਈ ਵਿੱਚ ਸਬ ਡਵੀਜ਼ਨਲ ਹਸਪਤਾਲ ਤਪਾ ਵਿਖੇ ਰੋਜ਼ਾਨਾ ਸਫ਼ਲ ਆਪ੍ਰੇਸ਼ਨ ਕੀਤੇ ਜਾ ਰਹੇ ਹਨ। ਇਸੇ ਹੀ ਤਹਿਤ ਕੁੱਝ ਦਿਨ ਪਹਿਲਾਂ ਹਸਪਤਾਲ ਆਈ ਇੱਕ ਔਰਤ ਦੇ ਬੱਚੇਦਾਨੀ ਵਿੱਚ ਰਸੌਲੀ(ਫਿਬਰੋਇਡਜ਼) ਹੋਣ ਦਾ ਪਤਾ ਲੱਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਉਸ ਔਰਤ ਦੇ ਸਾਰੇ ਮੈਡੀਕਲ ਟੈਸਟ ਕਰਾਉਣ ਉਪਰੰਤ 45 ਮਿੰਟ ਦਾ ਸਫ਼ਲ ਆਪ੍ਰੇਸ਼ਨ ਕਰਕੇ ਰਸੌਲੀ ਨੂੰ ਬਾਹਰ ਕੱਢਿਆ ਗਿਆ। ਉਨ੍ਹਾਂ ਦੱਸਿਆ ਕਿ ਔਰਤ ਦੀ ਉਮਰ ਘੱਟ ਹੋਣ ਕਾਰਨ ਇਹ ਜ਼ਰੂਰੀ ਸੀ ਕਿ ਬੱਚੇਦਾਨੀ ਨੂੰ ਨੁਕਸਾਨ ਪਹੁੰਚਾਏ ਬਿਨਾ ਰਸੌਲੀ ਨੂੰ ਬਾਹਰ ਕੱਢਿਆ ਜਾਵੇ। ਇਸ ਲਈ ਤਪਾ ਹਸਪਤਾਲ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਰਸੌਲੀ ਵੀ ਬਾਹਰ ਕੱਢੀ ਗਈ ਤੇ ਬੱਚੇਦਾਨੀ ਵੀ ਸੁਰੱਖਿਅਤ ਹੈ। ਉਨ੍ਹਾਂ ਦੱਸਿਆ ਕਿ ਬਾਹਰ ਕੱਢੀ ਗਈ ਰਸੌਲੀ ਨੂੰ ਅਗਲੇਰੀ ਜਾਂਚ ਲਈ ਬਠਿੰਡਾ ਭੇਜਿਆ ਗਿਆ ਹੈ। ਡਾ. ਗੁਰਪ੍ਰੀਤ ਸਿੰਘ ਮਾਹਲ ਨੇ ਦੱਸਿਆ ਕਿ ਬੱਚੇਦਾਨੀ ’ਚ ਰਸੌਲੀ ਹੋਣ ਦੇ ਕਾਰਨਾਂ ਵਿੱਚ ਹਾਰਮੋਨ, ਜੈਨੇਟਿਕ, ਗਰਭ ਅਵਸਥਾ ਸਮੇਂ ਤੇ ਮੋਟਾਪਾ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਔਰਤ ਨੂੰ ਮਾਹਾਵਾਰੀ ਦੇ ਸਮੇਂ ’ਤੇ ਜ਼ਿਆਦਾ ਖੂਨ ਆਇਆ ਹੋਵੇ ਜਾਂ ਜ਼ਿਆਦਾ ਦਰਦ ਹੋਵੇ, ਧੁੰਨੀ ਦੇ ਥੱਲੇ ਪੇਟ ’ਚ ਦਰਦ ਰਹਿੰਦਾ ਹੋਵੇ, ਪਿਸ਼ਾਬ ਵਾਰ-ਵਾਰ ਆਉਂਦਾ ਹੋਵੇ, ਪੇਟ ’ਚ ਭਾਰੀਪਨ ਮਹਿਸੂਸ ਹੁੰਦਾ ਹੋਵੇ, ਪ੍ਰਾਈਵੇਟ ਪਾਰਟ ’ਚ ਖੂਨ ਆਉਣਾ, ਕਮਜ਼ੋਰੀ ਮਹਿਸੂਸ ਹੋਣਾ, ਪੇਟ ’ਚ ਸੋਜ, ਕਬਜ਼ ਜਾਂ ਪੈਰਾਂ ’ਚ ਦਰਦ ਆਦਿ ਜਹੇ ਲੱਛਣ ਵਿਖਾਈ ਦੇਣ ਤਾਂ ਉਨ੍ਹਾਂ ਨੂੰ ਨੇੜੇ ਦੇ ਸਿਹਤ ਕੇਂਦਰ ਵਿਖੇ ਮਾਹਰ ਡਾਕਟਰ ਨੂੰ ਜ਼ਰੂਰ ਵਿਖਾਉਣਾ ਚਾਹੀਦਾ ਹੈ।