ਕੇਵਲ ਕ੍ਰਿਸ਼ਨ ਕੰਬੋਜ, ਸੰਜੀਵ ਧਮੀਜਾ
ਜਲਾਲਾਬਾਦ, ਫ਼ਾਜ਼ਿਲਕਾ/10 ਅਪ੍ਰੈਲ : ਨਵਰਾਤਰੇ ਰੱਖਣ ਵਾਲੇ ਲੋਕਾਂ ਨੇ ਜਦੋਂ ਦੜਵਾਅ ਦਾ ਆਟਾ ਖਾਇਆ ਤਾਂ ਉਨ੍ਹਾਂ ਲੋਕ ਦੀ ਅਚਾਨਕ ਤਬੀਅਤ ਵਿਗੜ ਜਾਣ ਦੇ ਬਾਅਦ ਜਲਾਲਾਬਾਦ ਦੇ ਵੱਖ-ਵੱਖ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਲਈ ਦਾਖਲ ਕੀਤੇ ਗਏ, ਇਲਾਜ ਲਈ ਦਾਖਲ ਹੋਣ ਵਾਲੇ ਲੋਕਾਂ ਦੀ ਗਿਣਤੀ 100 ਤੋਂ ਵੱਧ ਦੱਸੀ ਜਾ ਰਹੀ ਹੈ। ਮੰਗਲਵਾਰ ਨੂੰ ਨਰਾਤਿਆਂ ਦਾ ਆਟਾ ਖਾਣ ਦੇ ਬਾਅਦ ਲੋਕਾਂ ਦੀ ਸਿਹਤ ਵਿਚ ਘਬਰਾਹਟ ਅਤੇ ਉਲਟੀਆਂ ਲੱਗਣ ਦੇ ਬਾਅਦ ਵੱਖ-ਵੱਖ ਹਸਪਤਾਲਾਂ ’ਚ ਪਹੁੰਚੇ ਹਨ, ਜਿਨ੍ਹਾਂ ਵਿਚੋਂ ਕੁਝ ਲੋਕਾਂ ਦੀ ਸਿਹਤ ਠੀਕ ਹੋਣ ਉਪਰੰਤ ਛੁੱਟੀ ਮਿਲ ਗਈ ਹੈ ਲੇਕਿਨ ਕਈ ਲੋਕ ਹਾਲੇ ਵੀ ਹਸਪਤਾਲਾਂ ਵਿਚ ਇਲਾਜ ਲਈ ਦਾਖਲ ਹਨ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸਥਾਨਕ ਮਿੱਡਾ ਹਸਪਤਾਲ ਵਿਚ ਦੋ ਦਰਜਨ ਤੋਂ ਵੱਧ ਲੋਕ, ਜਿਨ੍ਹਾਂ ਨੇ ਰੱਖੇ ਵਰਤ ਦੇ ਦੌਰਾਨ ਮੰਗਲਵਾਰ ਨੂੰ ਦੜਵਾ ਦਾ ਆਟਾ ਖਾਇਆ ਹੈ, ਉਨ੍ਹਾਂ ਲੋਕਾਂ ਦੀ ਅਚਾਨਕ ਸਿਹਤ ਖਰਾਬ ਹੋਣ ਤੇ ਦਾਖਲ ਹੋਏ ਹਨ। ਜਦੋਂ ਕਿ ਟੱਕਰ ਹਸਪਤਾਲ ਵਿਚ ਵੀ ਇਕ ਦਰਜਨ ਦੇ ਕਰੀਬ ਲੋਕ ਇਲਾਜ ਲਈ ਦਾਖਲ ਹੋਏ ਹਨ। ਇਸ ਦੇ ਇਲਾਵਾ ਹੋਰਨਾਂ ਪ੍ਰਾਈਵੇਟ ਹਸਪਤਾਲਾਂ ਵਿਚ ਲੋਕ ਦਾਖਲ ਹੋਏ ਹਨ।
ਜਿਵੇਂ ਹੀ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੂੰ ਪਤਾ ਚੱਲਿਆ ਤਾਂ ਉਹ ਤੁਰੰਤ ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ ਵਿਚ ਦਾਖਲ ਮਰੀਜ਼ਾਂ ਦਾ ਹਾਲ-ਚਾਲ ਜਾਣਨ ਲਈ ਪੁੱਜੇ।
ਮੀਡੀਆ ਨਾਲ ਗੱਲਬਾਤ ਦੌਰਾਨ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਵਰਤ ਵਾਲਾ ਆਟਾ ਖਾਣ ਨਾਲ ਜਿਨ੍ਹਾਂ ਲੋਕਾਂ ਦੀ ਤਬੀਅਤ ਵਿਗੜਨ ਕਾਰਨ ਪ੍ਰੇਸ਼ਾਨੀ ਆਈ ਹੈ, ਇਹ ਬਹੁਤ ਹੀ ਦੁਖਦਾਈ ਘਟਨਾ ਹੈ। ਇਹ ਪਹਿਲਾਂ ਵਾਰ ਹੋਇਆ ਹੈ, ਜੋ ਕਿਸੇ ਵੀ ਕੀਮਤ ਤੇ ਨਹੀਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਵਰਤ ਵਾਲਾ ਆਟਾ ਵੇਚਣ ਵਾਲੇ ਜਿਨ੍ਹਾਂ ਨੇ ਗੜਬੜੀ ਕੀਤੀ ਗਈ ਹੈ, ਉਨ੍ਹਾਂ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਸ ਮਸਲੇ ਨੂੰ ਲੈ ਕੇ ਸਿਹਤ ਵਿਭਾਗ ਨਾਲ ਸੰਪਰਕ ਕਰਕੇ ਟੀਮ ਤਿਆਰ ਕੀਤੀ ਗਈ ਹੈ ਤਾਂ ਜੋ ਅਸਲ ਕਾਰਨਾਂ ਬਾਰੇ ਪਤਾ ਚੱਲ ਸਕੇ, ਕਿ ਵਰਤ ਵਾਲਾ ਆਟਾ ਖਰਾਬ ਲੋਕਾਂ ਨੂੰ ਕਿਉਂ ਵੇਚਿਆ ਗਿਆ ਹੈ।
ਮਿੱਡਾ ਹਸਪਤਾਲ ਦੇ ਡਾ. ਅੰਕਿਤ ਮਿੱਡਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੇਰੇ ਕੋਲ ਮੰਗਲਵਾਰ ਦੇਰ ਸ਼ਾਮ ਤੋਂ ਦੋ ਦਰਜਨ ਦੇ ਕਰੀਬ ਅਜਿਹੇ ਮਰੀਜ਼ ਆਏ ਹਨ, ਜਿਨ੍ਹਾਂ ਨੂੰ ਅਚਾਨਕ ਚੱਕਰ ਆਉਣਾ ਅਤੇ ਉਲਟੀਆਂ ਲੱਗਣ ਵਾਲੇ ਸਨ, ਜਿਨ੍ਹਾਂ ਪਾਸੋ ਡਿਟੇਲ ਨਾਲ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਨਵਰਾਤਰਿਆਂ ਵਾਲਾ ਖਾਣਾ ਖਾਣ ਤੋਂ ਬਾਅਦ ਸਿਹਤ ਖ਼ਰਾਬ ਹੋਈ ਹੈ।
ਇਸੇ ਤਰ੍ਹਾਂ ਹੀ ਡਾ.ਅਮਰਜੀਤ ਸਿੰਘ ਟੱਕਰ ਨੇ ਦੱਸਿਆ ਕਿ ਨਰਾਤਿਆਂ ਦਾ ਖਾਣਾ ਖਾਣ ਨਾਲ ਤਬੀਅਤ ਵਿਗੜਨ ਵਾਲੇ ਮਰੀਜ਼ ਉਨ੍ਹਾਂ ਕੋਲ ਵੀ ਇਕ ਦਰਜਨ ਦੇ ਕਰੀਬ ਆਏ ਹਨ, ਜਿਨ੍ਹਾਂ ਨੂੰ ਉਲਟੀਆਂ ਲੱਗਣ ਦਾ ਕਾਰਨ ਬਣਿਆ ਹੈ। ਇਨ੍ਹਾਂ ਮਰੀਜ਼ਾਂ ਦਾ ਇਲਾਜ ਕੀਤਾ ਗਿਆ ਹੈ।
ਜਲਾਲਾਬਾਦ ਸਰਕਾਰੀ ਹਸਪਤਾਲ ਦੇ ਐਸਐਮਓ ਡਾ. ਜੋਤੀ ਕਪੂਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸਾਡੇ ਕੋਲ ਅਜਿਹੇ ਮਰੀਜ਼ ਨਹੀਂ ਆਏ ਲੇਕਿਨ ਸਾਨੂੰ ਪਤਾ ਚੱਲਿਆ ਕਿ ਨਰਾਤਿਆਂ ਦਾ ਖਾਣਾ ਖਾਣ ਨਾਲ ਕਾਫੀ ਲੋਕਾਂ ਦੀ ਤਬੀਅਤ ਖਰਾਬ ਹੋਣ ਕਾਰਨ ਪ੍ਰਾਈਵੇਟ ਹਸਪਤਾਲ ’ਚ ਦਾਖ਼ਲ ਹਨ। ਜਿਸ ਦੀ ਰਿਪੋਰਟ ਤਿਆਰ ਕਰਕੇ ਭੇਜੀ ਜਾ ਰਹੀ ਹੈ।
ਜਦੋਂ ਇਸ ਸਬੰਧ ਵਿਚ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਨਰਾਤਿਆ ਦਾ ਖਾਣਾ ਖਾਣ ਨਾਲ ਲੋਕਾਂ ਦੀ ਅਚਾਨਕ ਸਿਹਤ ਵਿਗੜਨ ਦੇ ਮਸਲੇ ਨੂੰ ਲੈ ਕੇ ਜਲਾਲਾਬਾਦ ਦੇ ਐਸ.ਡੀ.ਐਮ. ਅਤੇ ਸਿਹਤ ਵਿਭਾਗ ਨੂੰ ਆਦੇਸ਼ ਜਾਰੀ ਕੀਤੇ ਗਏ ਹਨ ਕਿ ਇਸ ਦੀ ਪੂਰੀ ਜਾਂਚ ਕੀਤੀ ਜਾਵੇ ਤੇ ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।