ਸ੍ਰੀ ਫ਼ਤਹਿਗੜ੍ਹ ਸਾਹਿਬ/ 10 ਮਈ:
(ਰਵਿੰਦਰ ਸਿੰਘ ਢੀਂਡਸਾ)
ਭਰਾ ਅਤੇ ਭਰਜਾਈ ਤੋਂ ਕਥਿਤ ਤੌਰ 'ਤੇ ਤੰਗ ਆ ਕੇ ਖੁਦਕਸ਼ੀ ਕਰਨ ਵਾਲੀ ਨੈਸ਼ਨਲ ਪੱਧਰ ਦੀ ਹਾਕੀ ਖਿਡਾਰਨ ਸੁਮਨਦੀਪ ਕੌਰ ਦੀ ਮੌਤ ਦੇ ਮਾਮਲੇ 'ਚ ਮੂਲੇਪੁਰ ਪੁਲਿਸ ਵੱਲੋਂ ਉਸਦੀ ਭਰਜਾਈ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਮਾਮਲੇ ਦੀ ਤਫਤੀਸ਼ ਕਰ ਰਹੇ ਥਾਣਾ ਮੂਲੇਪੁਰ ਦੇ ਸਹਾਇਕ ਥਾਣੇਦਾਰ ਪ੍ਰਿਥਵੀਰਾਜ ਸਿੰਘ ਨੇ ਦੱਸਿਆ ਕਿ 29 ਅਪ੍ਰੈਲ ਨੂੰ ਲਾਪਤਾ ਹੋਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਐਮ.ਏ. ਦੀ ਪੜ੍ਹਾਈ ਕਰ ਰਹੀ ਹਾਕੀ ਖਿਡਾਰਨ ਸੁਮਨਦੀਪ ਕੌਰ(21) ਦੀ ਲਾਸ਼ 3 ਮਈ ਨੂੰ ਪਿੰਡ ਖੇੜੀ ਗੰਢਿਆਂ ਨੇੜਿਓਂ ਭਾਖੜਾ ਨਹਿਰ 'ਚ ਤੈਰਦੀ ਹੋਈ ਮਿਲੀ ਸੀ।ਮ੍ਰਿਤਕਾ ਦੇ ਪਿਤਾ ਜਸਪਾਲ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਉਂਦੇ ਹੋਏ ਦੋਸ਼ ਲਗਾਏ ਸਨ ਕਿ ਉਸਦੀ ਧੀ ਸੁਮਨਦੀਪ ਕੌਰ ਨੂੰ ੳਸਦੇ ਲੜਕੇ ਬਿਕਰਮਜੀਤ ਸਿੰਘ ਅਤੇ ਉਸਦੀ ਪਤਨੀ ਪਿੰਕੀ ਵੱਲੋਂ ਲਗਾਤਾਰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਜੋ ਕਿ ਅਕਸਰ ਉਸ ਨਾਲ ਗਾਲੀ-ਗਲੋਚ ਕਰਦੇ ਰਹਿੰਦੇ ਸਨ ਜਿਨਾਂ ਤੋਂ ਤੰਗ ਆ ਕੇ ਉਸਦੀ ਧੀ ਸੁਮਨਦੀਪ ਕੌਰ ਨੇ ਭਾਖੜਾ ਨਹਿਰ 'ਚ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ ਤੇ ਸੁਮਨਦੀਪ ਦੀ ਮੌਤ ਲਈ ਸੁਮਨਦੀਪ ਦਾ ਭਰਾ ਬਿਕਰਮਜੀਤ ਸਿੰਘ ਅਤੇ ਉਸਦੀ ਭਰਜਾਈ ਪਿੰਕੀ ਜ਼ਿੰਮੇਵਾਰ ਹਨ।ਸਹਾਇਕ ਥਾਣੇਦਾਰ ਪ੍ਰਿਥਵੀਰਾਜ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ 'ਤੇ ਥਾਣਾ ਮੂਲੇਪੁਰ ਵਿਖੇ ਅ/ਧ 306,34 ਆਈ.ਪੀ.ਸੀ. ਤਹਿਤ ਦਰਜ ਕੀਤੇ ਗਏ ਮੁਕੱਦਮੇ 'ਚ ਬਿਕਰਮਜੀਤ ਸਿੰਘ ਨੂੰ 4 ਮਈ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਉਸਦੀ ਪਤਨੀ ਪਿੰਕੀ ਗ੍ਰਿਫਤਾਰੀ ਤੋਂ ਬਚਦੀ ਆ ਰਹੀ ਸੀ ਜਿਸਨੂੰ ਬੀਤੇ ਕੱਲ੍ਹ ਗ੍ਰਿਫਤਾਰ ਕਰ ਲਿਆ ਗਿਆ।