ਚੰਡੀਗੜ੍ਹ, 15 ਮਈ
ਇੱਥੇ ਸੈਕਟਰ-45 ’ਚ ਖੇਡਦੇ ਸਮੇਂ ਡੇਢ ਸਾਲ ਦੀ ਬੱਚੀ ਪਾਣੀ ਨਾਲ ਭਰੀ ਬਾਲਟੀ ’ਚ ਡੁੱਬ ਗਈ। ਜਦੋਂ ਕਾਫੀ ਦੇਰ ਤੱਕ ਬੱਚੀ ਨਜ਼ਰ ਨਹੀਂ ਆਈ ਤਾਂ ਮਾਂ ਨੇ ਭਾਲ ਸ਼ੁਰੂ ਕਰ ਦਿੱਤੀ। ਬੱਚੀ ਨੂੰ ਬਾਲਟੀ ’ਚ ਪਿਆ ਦੇਖ ਕੇ ਮਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਮੌਕੇ ’ਤੇ ਪੁੱਜੀ ਪੁਲਸ ਨੇ ਬੱਚੀ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਜਾਣਕਾਰੀ ਮੁਤਾਬਕ ਸੈਕਟਰ-45 ਦਾ ਰਹਿਣ ਵਾਲਾ ਵਿਕਾਸ ਆਪਣੇ ਪਰਿਵਾਰ ਨਾਲ ਦੂਜੀ ਮੰਜ਼ਿਲ ’ਤੇ ਰਹਿੰਦਾ ਹੈ। ਉਹ ਘਰਾਂ ’ਚ ਪੇਂਟ ਕਰਨ ਦਾ ਕੰਮ ਕਰਦਾ ਹੈ। ਉਸ ਦੀ ਪਤਨੀ ਘਰਾਂ ’ਚ ਖਾਣਾ ਬਣਾਉਣ ਦਾ ਕੰਮ ਕਰਦੀ ਹੈ। ਸੋਮਵਾਰ ਦੇਰ ਸ਼ਾਮ 19 ਮਹੀਨੇ ਦੀ ਧੀ ਭਾਵਨਾ ਘਰ ’ਚ ਖੇਡ ਰਹੀ ਸੀ।
ਇਸ ਦੌਰਾਨ ਉਹ ਘਰ ’ਚ ਰੱਖੀ ਪਾਣੀ ਨਾਲ ਭਰੀ ਬਾਲਟੀ ’ਚ ਡਿੱਗ ਗਈ। ਉਸ ਨੂੰ ਕਿਸੇ ਨੇ ਨਹੀਂ ਦੇਖਿਆ। ਕਾਫੀ ਦੇਰ ਤੱਕ ਪਾਣੀ ’ਚ ਡਿੱਗੀ ਰਹਿਣ ਕਾਰਨ ਉਸਦੀ ਮੌਤ ਹੋ ਗਈ। ਹਾਲਾਂਕਿ ਜਦੋਂ ਪਰਿਵਾਰ ਵਾਲਿਆਂ ਨੇ ਬੱਚੀ ਨੂੰ ਦੇਖਿਆ ਤਾਂ ਉਸ ਨੂੰ ਇਲਾਜ ਲਈ ਜੀ. ਐੱਮ. ਐੱਸ. ਐੱਚ.-16 ’ਚ ਲੈ ਗਏ। ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੈਕਟਰ-34 ਥਾਣਾ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।