6.70 ਕਿਲੋ ਸੋਨੇ ਤੇ 60 ਕਿਲੋ ਚਾਂਦੀ ਦੇ ਗਹਿਣੇ
ਏਜੰਸੀਆਂ
ਨਵੀਂ ਦਿੱਲੀ/15 ਮਈ : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਬੀਤੇ ਦਿਨ ਮੰਡੀ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਇਸ ਦੌਰਾਨ ਉਸ ਨਾਲ ਸਾਬਕਾ ਮੁੱਖ ਮੰਤਰੀ ਜੈ ਰਾਮ ਠਾਕੁਰ, ਪ੍ਰਦੇਸ਼ ਭਾਜਪਾ ਪ੍ਰਧਾਨ ਰਾਜੀਵ ਬਿੰਦਲ ਵੀ ਮੌਜੂਦ ਸਨ।
ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਕੰਗਨਾ ਰਣੌਤ 91 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਦੀ ਮਾਲਕਣ ਹੈ। ਕੰਗਨਾ ਨੇ ਮੰਗਲਵਾਰ ਨੂੰ ਮੰਡੀ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਭਰਦੇ ਸਮੇਂ ਦਿੱਤੇ ਹਲਫਨਾਮੇ ’ਚ ਇਹ ਜਾਣਕਾਰੀ ਦਿੱਤੀ ਹੈ। ਕੰਗਨਾ ਨੇ ਇਸ ਹਲਫ਼ਨਾਮੇ ’ਚ ਆਪਣੀ ਵਿੱਦਿਅਕ ਯੋਗਤਾ 12ਵੀਂ ਪਾਸ ਦੱਸੀ ਹੈ, ਹਲਫ਼ਨਾਮੇ ਮੁਤਾਬਕ ਕੋਲ ਲੱਗਭਗ 91,66,31,239 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਹੈ। ਇਸ ਵਿਚ ਚੱਲ ਜਾਇਦਾਦ 28,73,44,239.36 ਕਰੋੜ ਰੁਪਏ ਹੈ। ਕੰਗਨਾ ਰਣੌਤ ਕੋਲ ਇਕ ਬੀਐਮਡਬਲਯੂ ਅਤੇ ਇਕ ਮਰਸਡੀਜ਼ ਬੈਂਜ਼ ਕਾਰ ਹੈ। ਇਸ ਤੋਂ ਇਲਾਵਾ ਕੰਗਨਾ 3.91 ਕਰੋੜ ਰੁਪਏ ਦੀ ਕੀਮਤ ਦੀ ਮਰਸੀਡੀਜ਼-ਮੇਬੈਕ ਜੀਐਲਐਸ 600 4ਐੱਮ ਦੀ ਵੀ ਮਾਲਕਣ ਹੈ।
ਕੰਗਨਾ ਕੋਲ 5 ਕਰੋੜ ਦੀ ਕੀਮਤ ਦੇ 6.70 ਕਿਲੋ ਸੋਨੇ ਦੇ ਗਹਿਣੇ, 50 ਲੱਖ ਰੁਪਏ ਦੀ 60 ਕਿਲੋ ਚਾਂਦੀ ਅਤੇ 3 ਕਰੋੜ ਰੁਪਏ ਦੇ ਹੀਰਿਆਂ ਦੇ ਗਹਿਣੇ ਹਨ। ਕੰਗਨਾ ਕੋਲ 62,92,87,000 ਕਰੋੜ ਰੁਪਏ ਦੀ ਮੌਜੂਦਾ ਬਾਜ਼ਾਰ ਮੁੱਲ ਦੀ ਅਚੱਲ ਜਾਇਦਾਦ ਹੈ। ਇਸ ਵਿਚ ਮੁੰਬਈ ਅਤੇ ਮਨਾਲੀ ਵਿਚ ਮਕਾਨ, ਜ਼ੀਰਕਪੁਰ ਵਿਚ ਵਪਾਰਕ ਇਮਾਰਤ ਅਤੇ ਹੋਰ ਅਚੱਲ ਜਾਇਦਾਦਾਂ ਸ਼ਾਮਲ ਹਨ। ਕੰਗਨਾ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ 3 ਕੇਸਾਂ ਸਮੇਤ ਕੁੱਲ 8 ਮਾਮਲੇ ਦਰਜ ਹਨ।