ਵਿਗਿਆਨ ਦੀ ਮਦਦ ਨਾਲ ਕੀਤੀ ਤਰੱਕੀ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਸਾਲਾਂ ਵਿੱਚ ਕੀਤਾ ਜਾਣ ਵਾਲਾ ਕੰਮ ਦਿਨਾਂ ਵਿੱਚ ਅਤੇ ਘੰਟਿਆਂ ਵਿੱਚ ਹੋਣ ਵਾਲਾ ਕੰਮ ਮਿੰਟਾਂ ਵਿੱਚ ਸੰਭਵ ਹੋ ਚੁੱਕਿਆ ਹੈ। ਹਰ ਇੱਕ ਖ਼ੇਤਰ ਵਿੱਚ ਵਿਗਿਆਨ ਅਤੇ ਤਕਨਾਲੋਜੀ ਨੇ ਆਪਣੀ ਹੋਂਦ ਦਾ ਲੋਹਾ ਮਨਵਾਇਆ ਹੈ।ਵਿਗਿਆਨ ਦੀ ਤਰੱਕੀ ਨੇ ਮਨੁੱਖ ਨੂੰ ਕੇਵਲ ਸੌਖਾ ਹੀ ਨਹੀਂ ਕੀਤਾ ਸਗੋਂ ਮਨੁੱਖ ਦੇ ਮਨਾਂ ਵਿੱਚੋਂ ਸਦੀਆਂ ਤੋਂ ਚਲ ਰਹੇ ਵਹਿਮਾਂ ਭਰਮਾਂ ਅਤੇ ਭਰਮ ਭੁਲੇਖਿਆਂ ਨੂੰ ਵੀ ਦੂਰ ਕਰਕੇ ਗਿਆਨ ਦੀ ਜੋਤ ਜਗਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਤਾਂਤਰਿਕ ਭੂਤ ਪ੍ਰੇਤ ਦਾ ਸਹਾਰਾ ਲੈ ਕੇ ਸਦੀਆਂ ਤੋਂ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੇ ਖਜ਼ਾਨੇ ਭਰੀ ਜਾ ਰਹੇ ਹਨ। ਲੋਕਾਂ ਦੀ ਇਛਾਵਾਂ ਦੀ ਪੂਰਤੀ ਕਰਨ ਲਈ ਤਾਂਤਰਿਕ ਮਾਸੂਮ ਬੱਚਿਆਂ ਦੀ ਬਲੀ ਦੇਣ ਤੋਂ ਵੀ ਪਿੱਛੇ ਨਹੀਂ ਹੱਟਦੇ।
ਇਹਨਾਂ ਦਾ ਮਕਸਦ ਕੇਵਲ ਆਪਣਾ ਤੋਰੀ ਫੁਲਕਾ ਜਾਰੀ ਰੱਖਣਾ ਹੁੰਦਾ ਹੈ ਪਰੰਤੂ ਗਿਆਨ ਦੇ ਸਾਧਨਾਂ ਰਾਹੀਂ ਜਾਗਰੂਕਤਾ ਵਧਣ ਕਰਕੇ ਲੋਕਾਂ ਨੂੰ ਇਹ ਪਤਾ ਲੱਗਣਾ ਸ਼ੁਰੂ ਹੋ ਗਿਆ ਹੈ ਕਿ ਭੂਤ ਪ੍ਰੇਤ ਸਿਰਫ਼ ਮਨ ਦੇ ਭਰਮ ਹਨ ਹਕੀਕਤ ਨਹੀਂ। ਨਾਟਕਾਂ ਅਤੇ ਫ਼ਿਲਮਾਂ ਰਾਹੀਂ ਸਮੇਂ ਸਮੇਂ ਤੇ ਸਮਾਜ਼ ਨੂੰ ਸਮਾਜਿਕ ਕੁਰੀਤੀਆਂ ਅਤੇ ਮਸਲਿਆਂ ਪ੍ਰਤੀ ਜਾਗਰੂਕ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ। ਟੈਲੀਵਿਜ਼ਨ ਅਤੇ ਸਿਨੇਮਾ ਮਨੋਰੰਜਨ ਕਰਨ ਦੇ ਨਾਲ ਨਾਲ ਗਿਆਨ ਦੇ ਵੀ ਮਹੱਤਵਪੂਰਨ ਸੋਮੇ ਹਨ।
ਅਜਿਹਾ ਹੀ ਬੀਤੇ ਦਿਨ ਓ ਟੀ ਟੀ ’ਤੇ ਰਿਲੀਜ਼ ਹੋਈ ਪੰਜਾਬੀ ਫ਼ਿਲਮ ਬੂੰਹ ਮੈਂ ਡਰਗੀ ਵਿੱਚ ਦਿਖਾਇਆ ਗਿਆ ਹੈ। ਕਹਾਣੀ ਸ਼ੂਰੂ ਹੁੰਦੀ ਹੈ ਰੋਸ਼ਨ ਪਿ੍ਰੰਸ ਅਤੇ ਈਸ਼ਾ ਰੇਖੀ ਦੀ ਪ੍ਰੇਮ ਕਹਾਣੀ ਤੋਂ ਉਹ ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਹਨ ਪਰੰਤੂ ਪਾਲੀ ( ਈਸ਼ਾ ਰੇਖੀ) ਦਾ ਫੁੱਫੜ( ਯੋਗਰਾਜ ਸਿੰਘ) ਵਿਆਹ ਕਰਵਾਉਣ ਲਈ ਰਾਜ਼ੀ ਨਹੀਂ ਹੁੰਦਾ। ਪਿੰਡ ਦੇ ਬਾਹਰ ਬਣੀ ਹਵੇਲੀ ਵਿੱਚ ਲੋਕਾਂ ਦਾ ਵਿਸ਼ਵਾਸ ਸੀ ਕਿ ਏਥੇ ਰਾਣੀ ਦੀ ਆਤਮਾ ਹੁਣ ਵੀ ਰਹਿੰਦੀ ਹੈ।
ਬੀ ਐੱਨ ਸ਼ਰਮਾ ਜਿਸ ਨੇ ਫ਼ਿਲਮ ਵਿੱਚ ਇੱਕ ਤਾਂਤਰਿਕ ਬਾਬੇ ਦਾ ਰੋਲ ਨਿਭਾਇਆ ਹੈ ਆਪਣੇ ਫਾਇਦੇ ਲਈ ਲੋਕਾਂ ਨੂੰ ਇਹ ਯਕੀਨ ਦਿਵਾਉਂਦਾ ਹੈ ਕਿ ਉਹ ਭੂਤ ਪ੍ਰੇਤ ਨੂੰ ਕਾਬੂ ਕਰ ਸਕਦਾ ਹੈ ਪ੍ਰੰਤੂ ਹਕੀਕਤ ਵਿੱਚ ਉਸ ਕੋਲ਼ ਅਜਿਹੀ ਕੋਈ ਸ਼ਕਤੀ ਨਹੀਂ ਹੁੰਦੀ।ਹਵੇਲੀ ਵਿੱਚ ਚਲ ਰਿਹਾ ਚੁੜੇਲ ਦਾ ਨਾਟਕ ਹਵੇਲੀ ਵਿੱਚੋਂ ਖ਼ਜ਼ਾਨੇ ਦੀ ਭਾਲ ਲਈ ਕੀਤਾ ਜਾਂਦਾ ਹੈ। ਨਿਸ਼ਾ ਬਾਨੋ ਨੇ ਚੁੜੇਲ ਦਾ ਕਿਰਦਾਰ ਬਾਖੂਬੀ ਨਿਭਾਇਆ ਹੈ।ਇਸ ਤੋਂ ਇਲਾਵਾ ਯੋਗਰਾਜ ਸਿੰਘ, ਹਾਰਬੀ ਸੰਘਾ, ਕਰਮਜੀਤ ਅਨਮੋਲ, ਗੁਰਚੇਤ ਚਿੱਤਰਕਾਰ ਅਤੇ ਅਨੀਤਾ ਦੇਵਗਨ ਦੀ ਕਲਾਕਾਰੀ ਵੀ ਫ਼ਿਲਮ ਦੀ ਦਿਲਚਸਪੀ ਨੂੰ ਹੋਰ ਵਧਾ ਦਿੰਦੀ ਹੈ।ਫ਼ਿਲਮ ਵਹਿਮਾਂ ਭਰਮਾਂ ਤੋਂ ਜਾਗਰੂਕ ਕਰਨ ਦੇ ਨਾਲ ਨਾਲ ਡਰਾਵਣੀ ਅਤੇ ਕਾਮੇਡੀ ਭਰਪੂਰ ਹੈ। ਬੂੰਹ ਮੈਂ ਡਰਗੀ ਪਰਿਵਾਰ ਵਿੱਚ ਬੈਠ ਕੇ ਦੇਖਣ ਯੋਗ ਮਨੋਰੰਜਨ ਭਰਪੂਰ ਫਿਲਮ ਹੈ।
-ਰਜਵਿੰਦਰ ਪਾਲ ਸ਼ਰਮਾ
-ਮੋਬਾ: 7087367969