ਪਿੱਛਲੇ ਦਿਨੀਂ ਮੁੰਬਈ ਰੈੱਡ ਲਾਰੀ ਫ਼ਿਲਮ ਫੈਸਟੀਵਲ ਵਿੱਚ ਰਿਲੀਜ਼ ਹੋਈ ਅਤੇ ਬੁੱਕ ਮਾਈ ਸ਼ੋਅ ਐਪ ਉੱਪਰ ਚੱਲ ਰਹੀ ਬਹੁ ਭਾਸ਼ਾਈ ਫ਼ਿਲਮ ’ਦਾ ਸਾਈਲੈਂਟ ਪ੍ਰੇਅਰ’ 1984 ਦੌਰਾਨ ਕੋਇੰਮਬਟੂਰ ਵਿੱਚ ਵਾਪਰੀ ਨਸਲਕੁਸ਼ੀ ਦੇ ਬਾਰੇ ਹੈ ਜੋ ਕਿ ਤਾਮਿਲ ਕੋਇੰਬਟੂਰ ਦੇ ਹੀ ਰਹਿਣ ਵਾਲੇ ਨਿਰਦੇਸ਼ਕ ਵਿਨੇ ਸੈਂਥਿਲ ਵੱਲੋਂ ਬਣਾਈ ਗਈ ਹੈ। ਇਸ ਫ਼ਿਲਮ ਨੂੰ ਪਾਲਮਪੁਰ ਟਾਕੀਜ਼ ਵੱਲੋਂ ਨਿਸ਼ਾ ਪਟਿਆਲ ਹੁਰਾਂ ਨੇ ਨਿਰਮਿਤ ਕੀਤਾ ਹੈ। ਫਿਲਮ ਦੇ ਪ੍ਰਵਿਊ ਨੂੰ ਆਈ.ਪੀ.ਐਲ ਮੈਚਾਂ ਦੌਰਾਨ ਵੱਖ-ਵੱਖ 150 ਦੇਸ਼ਾਂ ਵਿੱਚ 30 ਕਰੋੜ ਭਾਰਤੀ ਦੇਖ ਚੁੱਕੇ ਹਨ। ਨਿਰਦੇਸ਼ਕ ਨੇ ਆਪਣੀ ਛੋਟੀ ਉਮਰੇ ਕੋਇੰਮਬਟੂਰ ਵਰਗੀ ਸ਼ਾਂਤਮਈ ਜਗਾਹ 1984 ਦੇ ਦੰਗਿਆਂ ਬਾਰੇ ਅੱਖੀਂ ਦੇਖੀਆਂ ਤੇ ਵਿਚਲਿਤ ਕਰਦੀਆਂ ਘਟਨਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਇਸ ਫ਼ਿਲਮ ਨੂੰ ਬਣਾਇਆ ਜੋ ਕਿ ਇਨਸਾਨੀਅਤ ਦੀ ਸਰਵੋਤਮ ਤਸਵੀਰ ਪੇਸ਼ ਕਰਦੀ ਹੈ। ਜਿਸ ਵਿੱਚ ਸਿੱਖੀ, ਅਰਦਾਸ, ਸਿਮਰਨ, ਵਿਸ਼ਵਾਸ, ਆਸਥਾ, ਸੱਚਾਈ ਅਤੇ ਰਿਸ਼ਤਿਆਂ ਦੀ ਪਾਕੀਜ਼ਗੀ ਵਰਗੇ ਨਾਜ਼ੁਕ ਪੱਖਾਂ ਨੂੰ ਛੋਹਿਆ ਗਿਆ ਹੈ। ਫ਼ਿਲਮ ਦਾ ਬਾਕਮਾਲ ਸੰਗੀਤ ਪੰਦਰਾਂ ਸੌ ਤੋਂ ਵਧੇਰੇ ਫ਼ਿਲਮਾਂ ਨੂੰ ਸੰਗੀਤ ਦੇ ਚੁੱਕੇ ਤਾਮਿਲ ਸੰਗੀਤ ਜਗਤ ਦੇ ਪਿਤਾਮਾ ਮੰਨੇ ਜਾਂਦੇ ਇਲਿਆ ਰਜ਼ਾ ਨੇ ਦਿੱਤਾ ਹੈ ਜੋ ਫ਼ਿਲਮ ਦਾ ਸਭ ਤੋਂ ਵੱਡਾ ਹਾਸਿਲ ਹੈ। ਇਸ ਫ਼ਿਲਮ ਵਿੱਚ ਮੁੱਖ ਅਦਾਕਾਰਾਂ ਦੇ ਤੌਰ ’ਤੇ ਅੰਨਮ ਕੌਰ, ਮਨਸੀਰਤ ਸਿੰਘ, ਅਮਿਤੋਜ਼ ਸਿੰਘ, ਸਿਮਰਨ ਅਕਸ ਅਤੇ ਅਰਜਨ ਸਿੰਘ ਨੇ ਕੰਮ ਕੀਤਾ। ਸਾਰੀ ਟੀਮ ਨੂੰ ਪੰਜਾਬ ਤੋਂ ਕੋਇੰਮਬਟੂਰ ਬੁਲਾ ਕੇ ਦੰਗੇ ਵਾਲ਼ੀਆਂ ਅਸਲ ਜਗਾਵਾਂ ਉੱਪਰ ਸ਼ੂਟਿੰਗ ਕੀਤੀ ਗਈ।
ਵਧੇਰੇ ਜਾਣਕਾਰੀ ਦਿੰਦਿਆਂ ਅਦਾਕਾਰਾ ਸਿਮਰਨ ਅਕਸ ਨੇ ਦੱਸਿਆ ਕਿ 1984 ਬਾਰੇ ਮਾਨਸਿਕ ਹਾਲਾਤ ਖ਼ਾਸਕਰ ਬੱਚਿਆਂ ਉੱਪਰ ਪਏ ਅਸਰ ਬਾਰੇ ਇਸ ਤਰ੍ਹਾਂ ਦੀ ਸਟੀਕ ਤੇ ਸੰਜੀਦਾ ਫ਼ਿਲਮ ਪੰਜਾਬੀ ਸਿਨੇਮਾ ਵਿੱਚ ਵੀ ਨਹੀਂ ਮਿਲਦੀ। ਸੋ ਹਰ ਪੰਜਾਬੀ ਪਰਿਵਾਰ ਨੂੰ ਇਹ ਫ਼ਿਲਮ ਦੇਖਣੀ ਹੀ ਨਹੀਂ ਸਗੋਂ ਮਹਿਸੂਸ ਕਰਨੀ ਚਾਹੀਦੀ ਹੈ। ਇਸ ਮੌਕੇ ਉਹਨਾਂ ਗਲੈਮਰ ਕਰੀੜਾ ਕਾਸਟ, ਮਨੀਸ਼ਾ ਕੋਇੰਬਟੂਰ, ਵਿਸ਼ਾਲ ਅਤੇ ਬਾਕੀ ਸਾਰੀ ਟੀਮ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਫ਼ਿਲਮ ਨੂੰ ਪੰਜਾਬੀ, ਤਾਮਿਲ ਅਤੇ ਹਿੰਦੀ ਭਾਸ਼ਾਵਾਂ ਵਿੱਚ ਭਾਰਤ ਹੀ ਨਹੀਂ ਦੂਸਰੇ ਦੇਸ਼ਾਂ ਤੱਕ ਵੀ ਪਹੁੰਚਾਉਣ ਵਿੱਚ ਆਪਣਾ ਯੋਗਦਾਨ ਦਿੱਤਾ। ਅੱਜ ਦੇ ਕਮਰਸ਼ੀਅਲ ਜ਼ਮਾਨੇ ਵਿੱਚ ਅਜਿਹੀ ਕਲਾਤਮਕ ਫ਼ਿਲਮ ਬਣਾਉਣ ਲਈ ਉਹਨਾਂ ਨੇ ਨਿਰਮਾਤਾ ਨਿਸ਼ਾ ਪਟਿਆਲ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।
-ਦਸਨਸ