ਚੰਡੀਗੜ੍ਹ, 6 ਜੂਨ
ਸ਼ਹਿਰ 'ਚ ਅਗਲੇ 2 ਦਿਨਾਂ ਤੱਕ ਇੱਕ ਵਾਰ ਫਿਰ ਮੀਂਹ ਪੈਣ ਦੀ ਸੰਭਾਵਨਾ ਹੈ। ਬੁੱਧਵਾਰ ਸ਼ਾਮ ਨੂੰ ਸ਼ਹਿਰ 'ਚ ਤੇਜ਼ ਹਵਾਵਾਂ ਦੇ ਨਾਲ ਧੂੜ ਭਰੀ ਹਨ੍ਹੇਰੀ ਚੱਲੀ। ਕੁੱਝ ਇਲਾਕਿਆਂ 'ਚ ਹਲਕਾ ਮੀਂਹ ਵੀ ਪਿਆ, ਜਦੋਂਕਿ ਚੰਡੀਗੜ੍ਹ ਆਈ. ਟੀ. ਪਾਰਕ ਵੱਲ ਵੀ ਮੀਂਹ ਪਿਆ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਏ. ਕੇ. ਸਿੰਘ ਦਾ ਕਹਿਣਾ ਹੈ ਕਿ ਇਸ ਸਮੇਂ ਮੀਂਹ ਦੇ ਚੰਗੇ ਆਸਾਰ ਹਨ, ਜਿਸ ਦੇ ਮੱਦੇਨਜ਼ਰ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਲਈ ਵੀ ਅਲਰਟ ਜਾਰੀ ਕੀਤਾ ਹੈ। ਪਿਛਲੇ ਦਿਨਾਂ ਦੇ ਮੁਕਾਬਲੇ ਇਸ ਵਾਰ 7 ਜੂਨ ਤੱਕ ਮੀਂਹ ਪੈਣ ਦੀ ਚੰਗੀ ਸੰਭਾਵਨਾ ਹੈ। ਹਾਲਾਂਕਿ, ਵੀਰਵਾਰ ਨੂੰ ਸੰਭਾਵਨਾਵਾਂ ਵੱਧ ਹਨ। ਮੀਂਹ ਦੇ ਨਾਲ-ਨਾਲ ਧੂੜ ਭਰੀ ਹਨ੍ਹੇਰੀ ਆਵੇਗੀ, ਜਿਸ ਦਾ ਅਸਰ ਤਾਪਮਾਨ 'ਤੇ ਵੀ ਦੇਖਣ ਨੂੰ ਮਿਲੇਗਾ। ਮਈ ਦੇ ਆਖ਼ਰੀ ਹਫ਼ਤਿਆਂ 'ਚ ਅਸੀਂ ਬਹੁਤ ਜ਼ਿਆਦਾ ਗਰਮੀ ਦੇਖੀ, ਜੋ ਹੁਣ ਨਹੀਂ ਹੈ। ਹਾਲਾਂਕਿ ਤਾਪਮਾਨ ਹਾਲੇ ਵੀ ਆਮ ਤੋਂ ਉੱਪਰ ਹੈ। ਜੇਕਰ ਮੀਂਹ ਪੈਂਦਾ ਹੈ ਤਾਂ ਤਾਪਮਾਨ 'ਚ ਗਿਰਾਵਟ ਆਵੇਗੀ। ਵਿਭਾਗ ਨੇ ਵੀਰਵਾਰ ਨੂੰ ਆਰੇਂਜ ਅਲਰਟ ਅਤੇ ਸ਼ੁੱਕਰਵਾਰ ਨੂੰ ਯੈਲੋ ਅਲਰਟ ਜਾਰੀ ਕੀਤਾ ਹੈ।