ਸ੍ਰੀ ਫ਼ਤਹਿਗੜ੍ਹ ਸਾਹਿਬ/ 2 ਜੁਲਾਈ:
(ਰਵਿੰਦਰ ਸਿੰਘ ਢੀਂਡਸਾ)
ਪਿੰਡ ਪੀਰਜੈਨ ਵਿਖੇ ਕਰੰਟ ਲੱਗਣ ਕਾਰਨ ਇੱਕ ਆਂਗਣਵਾੜੀ ਵਰਕਰ ਔਰਤ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ।ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮਲਾਗਰ ਸਿੰਘ ਵਾਸੀ ਪਿੰਡ ਪੀਰਜੈਨ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਸਦੀ ਪਤਨੀ ਸੁਰਿੰਦਰ ਕੌਰ(60) ਪਿੰਡ ਦੇ ਸਕੂਲ 'ਚ ਆਂਗਣਵਾੜੀ ਵਰਕਰ ਦੇ ਤੌਰ 'ਤੇ ਕੰਮ ਕਰਦੀ ਸੀ ਤੇ ਬੀਤੇ ਕੱਲ੍ਹ ਉਹ ਆਪਣੀ ਲੜਕੀ ਨੂੰ ਮਿਲਣ ਰੂਪਨਗਰ ਗਿਆ ਹੋਇਆ ਸੀ ਜਿੱਥੋਂ ਉਹ ਜਦੋਂ ਸ਼ਾਮ ਨੂੰ ਵਾਪਸ ਪਿੰਡ ਪਰਤਿਆ ਤਾਂ ਉਸਦੇ ਘਰ ਅੱਗੇ ਕਾਫੀ ਇਕੱਠ ਹੋਇਆ ਪਿਆ ਸੀ ਜਿੱਥੇ ਮੌਜ਼ੂਦ ਪਿੰਡ ਵਾਸੀਆਂ ਨੇ ਉਸ ਨੂੰ ਦੱਸਿਆ ਕਿ ਉਸਦੀ ਪਤਨੀ ਸੁਰਿੰਦਰ ਕੌਰ ਦਰਵਾਜ਼ੇ ਕੋਲ ਡਿੱਗੀ ਪਈ ਸੀ ਜਿਸ ਨੂੰ ਜਦੋਂ ਉਸਦੀ ਭਰਜਾਈ ਬਲਜਿੰਦਰ ਕੌਰ ਨੇ ਹੱਥ ਲਗਾਇਆ ਤਾਂ ਉਸ ਨੂੰ ਵੀ ਬਿਜਲੀ ਦਾ ਝਟਕਾ ਲੱਗਿਆ ਜਿਸ 'ਤੇ ਗਵਾਂਢ 'ਚ ਮਕਾਨ ਬਣਾ ਰਹੇ ਬੇਅੰਤ ਸਿੰਘ ਨੇ ਹੱਥ 'ਚ ਫੜੀ ਕਹੀ ਨਾਲ ਬਿਜਲੀ ਦੀਆਂ ਤਾਰਾਂ ਵੱਢ ਦਿੱਤੀਆਂ ਪਰ ਉਦੋਂ ਤੱਕ ਕਰੰਟ ਲੱਗਣ ਕਾਰਨ ਉਸਦੀ ਪਤਨੀ ਸੁਰਿੰਦਰ ਕੌਰ ਦੀ ਮੌਤ ਹੋ ਚੁੱਕੀ ਸੀ।ਮਲਾਗਰ ਸਿੰਘ ਨੇ ਦੱਸਿਆ ਕਿ ਉਸਦੀ ਪਤਨੀ ਸੁਰਿੰਦਰ ਕੌਰ ਦੀ ਮੌਤ ਬਿਜਲੀ ਵਾਲੇ ਪੱਖੇ ਦੀ ਤਾਰ ਦਰਵਾਜ਼ੇ ਵਿੱਚ ਆਉਣ ਕਰਕੇ ਕਰੰਟ ਲੱਗਣ ਨਾਲ ਹੋਈ ਹੈ ਜਿਸ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਹੈ ਤੇ ਨਾ ਹੀ ਉਹ ਇਸ ਮਾਮਲੇ 'ਚ ਕਿਸੇ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਕਰਵਾਉਣਾ ਚਾਹੁੰਦਾ ਹੈ।ਮ੍ਰਿਤਕਾ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਥਾਣਾ ਬਡਾਲੀ ਆਲਾ ਸਿੰਘ ਦੀ ਪੁਲਿਸ ਵੱਲੋਂ ਲਾਸ਼ ਨੂੰ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।