ਚੰਡੀਗੜ੍ਹ, 8 ਜੁਲਾਈ
ਸਿਟੀ ਬਿਊਟੀਫੁਲ ਵਿੱਚ ਪੰਜਾਬ ਯੂਨੀਵਰਸਿਟੀ ਤੋਂ ਪੀਜੀਆਈ ਵਾਲੀ ਸੜਕ ’ਤੇ ਪੈਦਲ ਲੰਘਣ ਵਾਲਿਆਂ ਨੂੰ ਵਧੇਰੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਨੂੰ ਦੇਖਦਿਆਂ ਯੂਟੀ ਪ੍ਰਸ਼ਾਸਨ ਨੇ ਪੰਜਾਬ ਯੂਨੀਵਰਸਿਟੀ ਤੋਂ ਪੀਜੀਆਈ ਤੱਕ ਪੈਦਲ ਚੱਲਣ ਵਾਲਿਆਂ ਲਈ ਅੰਡਰਪਾਸ ਬਣਾਉਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਅੰਡਰਪਾਸ ਬਣਾਉਣ ਬਾਰੇ ਚਾਰ ਸਾਲ ਪਹਿਲਾਂ ਵੀ ਪ੍ਰਸ਼ਾਸਨ ਨੇ ਫੈਸਲਾ ਕੀਤਾ ਸੀ, ਪਰ ਚਾਰ ਸਾਲਾਂ ਤੋਂ ਇਹ ਫਾਈਲ ਠੰਡੇ ਬਸਤੇ ਵਿੱਚ ਪਈ ਹੈ। ਹੁਣ ਮੁੜ ਤੋਂ ਯੂਟੀ ਪ੍ਰਸ਼ਾਸਨ ਨੇ ਪੀਯੂ ਤੋਂ ਪੀਜੀਆਈ ਤੱਕ ਅੰਡਰਪਾਸ ਬਣਾਉਣ ਲਈ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ। ਪ੍ਰਸ਼ਾਸਨ ਨੇ ਅੰਡਰਪਾਸ ਲਈ ਇੰਜਨੀਅਰਿੰਗ ਸਲਾਹਾਂ ਵਾਸਤੇ ਸਲਾਹਕਾਰ ਦੀ ਨਿਯੁਕਤੀ ਵਾਸਤੇ ਅਰਜ਼ੀਆਂ ਮੰਗੀਆਂ ਹਨ। ਪਿਛਲੇ ਸਾਲ ਸਤੰਬਰ ਮਹੀਨੇ ਵਿੱਚ ਪ੍ਰਾਜੈਕਟ ਨੂੰ ਕੁਝ ਮਾਮੂਲੀ ਤਬਦੀਲੀਆਂ ਤੋਂ ਬਾਅਦ ਚੰਡੀਗੜ੍ਹ ਹੈਰੀਟੇਜ ਕੰਜਰਵੇਸ਼ਨ ਕਮੇਟੀ (ਸੀਐੱਚਸੀਸੀ) ਕੋਲ ਭੇਜਿਆ ਗਿਆ ਸੀ, ਜਿਸ ਨੇ ਸੋਧੇ ਹੋਏ ਡਿਜ਼ਾਈਨ ਨੂੰ ਪ੍ਰਵਾਨਗੀ ਦੇ ਦਿੱਤੀ ਸੀ। ਇਸ ਤੋਂ ਬਾਅਦ ਪ੍ਰਸ਼ਾਸਨ ਅਗਲੇਰੀ ਕਾਰਵਾਈ ਹੁਣ ਸ਼ੁਰੂ ਕਰ ਰਿਹਾ ਹੈ।