ਚੰਡੀਗੜ੍ਹ, 15 ਜੁਲਾਈ
ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦਾ ਦੀ ਪਹਿਲੀ ਬਰਸੀ ਮੌਕੇ ਮਰਹੂਮ ਗਾਇਕ ਨੂੰ ਨਿਵੇਕਲੇ ਢੰਗ ਨਾਲ ਯਾਦ ਕਰਦਿਆਂ ਗੀਤ ਤਿਆਰ ਕੀਤਾ ਹੈ ਜਿਸ ਦਾ ਪੋਸਟਰ ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਰਿਲੀਜ਼ ਕੀਤਾ ਗਿਆ।
ਪ੍ਰਸਿੱਧ ਗੀਤਕਾਰ ਬਾਬੂ ਸਿੰਘ ਮਾਨ, ਪਦਮ ਸ੍ਰੀ ਹੰਸ ਰਾਜ ਹੰਸ ਤੇ ਹਰਪ੍ਰੀਤ ਸੇਖੋਂ ਵੱਲੋਂ ਗੀਤ ‘ਕਿੱਥੇ ਤੁਰ ਗਿਆਂ ਯਾਰਾ‘ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਇਹ ਗੀਤ ਅਤੇ ਵੀਡਿਓ 26 ਜੁਲਾਈ ਨੂੰ ਸੁਰਿੰਦਰ ਛਿੰਦਾ ਦੀ ਪਹਿਲੀ ਬਰਸੀ ਮੌਕੇ ਰਿਲੀਜ਼ ਹੋਵੇਗਾ।ਇਸ ਗੀਤ ਨੂੰ ਹੰਸ ਰਾਜ ਹੰਸ ਨੇ ਗਾਇਆ ਹੈ ਤੇ ਹਰਪ੍ਰੀਤ ਸੇਖੋਂ ਨੇ ਲਿਖਿਆ ਹੈ।
ਹੰਸ ਰਾਜ ਹੰਸ ਨੇ ਕਿਹਾ ਕਿ ਸੁਰਿੰਦਰ ਸ਼ਿੰਦਾ ਹਮੇਸ਼ਾ ਸਾਡੇ ਦਿਲਾਂ ਵਿਚ ਵਸਦਾ ਰਹੇਗਾ, ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।ਉਨ੍ਹਾਂ ਕਿਹਾ ਕਿ ਅੱਜ ਪੋਸਟਰ ਰਿਲੀਜ਼ ਕਰਦਿਆਂ ਵਿਛੜੇ ਸਾਥੀ ਨੂੰ ਯਾਦ ਕਰ ਰਹੇ ਹਾਂ ਜਿਸ ਦੀ ਯਾਦ ਸਦੀਵੀਂ ਉਸ ਦੇ ਚਾਹੁਣ ਵਾਲਿਆਂ ਦੇ ਦਿਲਾਂ ਵਿੱਚ ਯਾਦ ਰਹੇਗੀ।
ਬਾਬੂ ਸਿੰਘ ਮਾਨ ਨੇ ਕਿਹਾ ਕਿ ਸੁਰਿੰਦਰ ਛਿੰਦਾ ਭਾਵੇਂ ਉਹ ਸਰੀਰਕ ਤੌਰ 'ਤੇ ਨਹੀਂ ਰਹੇ ਪਰ ਉਨ੍ਹਾਂ ਦੀ ਆਵਾਜ਼ ਹਮੇਸ਼ਾ ਗੂੰਜਦੀ ਰਹੇਗੀ। ਅੱਜ ਇੱਕ ਗੀਤ ਰਾਹੀਂ ਉਨ੍ਹਾਂ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਭੇਂਟ ਕਰ ਰਹੇ ਹਾਂ।
‘ਕਿੱਥੇ ਤੁਰ ਗਿਆਂ ਯਾਰਾ‘ ਗੀਤ ਲਿਖਣ ਵਾਲੇ ਹਰਪ੍ਰੀਤ ਸੇਖੋਂ ਨੇ ਕਿਹਾ ਕਿ ਉਨ੍ਹਾਂ ਦੀ ਸਵਰਗੀ ਸੁਰਿੰਦਰ ਛਿੰਦਾ ਨਾਲ ਬਹੁਤ ਨੇੜਲੀ ਸਾਂਝ ਸੀ ਅਤੇ ਇੱਕ ਸਾਲ ਉਨ੍ਹਾਂ ਦੇ ਤੁਰ ਜਾਣ ਤੋਂ ਬਾਅਦ ਇੰਝ ਲੱਗਦਾ ਹੈ ਜਿਵੇਂ ਉਹ ਸਾਡੇ ਅੰਗ-ਸੰਗ ਹੋਣ।ਸੁਰਿੰਦਰ ਛਿੰਦਾ ਨੇ ਆਪਣੀ ਆਵਾਜ਼ ਨਾਲ ਜੱਟ ਜਿਉਣਾ ਮੌੜ, ਪੁੱਤ ਜੱਟਾ ਦੇ ਅਤੇ ਯਾਰਾਂ ਦਾ ਟਰੱਕ ਬੱਲੀਏ ਜਿਹੇ ਮਕਬੂਲ ਗੀਤ ਗਾਏ ਜੋ ਲੋਕ ਗੀਤ ਬਣ ਗਏ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੁਰਿੰਦਰ ਛਿੰਦਾ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਪੰਜਾਬ ਦੀ ਅਮਰ ਆਵਾਜ਼ ਆਖਿਆ ਸੀ।
ਤਲਵਿੰਦਰ ਸਿੰਘ ਨਾਗਰਾ ਨੇ ਦੱਸਿਆ ਕਿ 26 ਜੁਲਾਈ ਨੂੰ ਵਾਇਟਲ ਰਿਕਾਰਡਜ਼ ਵੱਲੋਂ ਇਹ ਗੀਤ ਰਿਲੀਜ਼ ਕੀਤਾ ਜਾ ਰਿਹਾ ਹੈ।ਗੀਤ ਦੀ ਵੀਡਿਓ ਬੌਬੀ ਬਾਜਵਾ ਨੇ ਬਣਾਈ ਹੈ।
ਇਸ ਮੌਕੇ ਕਰਤਾਰ ਸਿੰਘ, ਡਾ ਸਿਮਰਜੀਤ ਸਿੰਘ, ਪਰਦੀਪ ਸਿੰਘ, ਮੱਖਣ ਸਿੰਘ, ਸਰਤਾਜ ਸਿੱਧੂ ਤੇ ਵਿਸ਼ਾਲ ਪਰਾਸ਼ਰ ਵੀ ਹਾਜ਼ਰ ਸਨ।