ਚੰਡੀਗੜ੍ਹ, 26 ਜੁਲਾਈ
ਸਵਾਈਨ ਫਲੂ ਨੇ ਚੰਡੀਗੜ੍ਹ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ ਅਤੇ ਪਹਿਲਾ ਮਰੀਜ਼ ਖੁਦ ਇਕ ਡਾਕਟਰ ਹੈ। ਚੰਡੀਗੜ੍ਹ ਸਿਹਤ ਵਿਭਾਗ ਦੀ ਡਾਇਰੈਕਟਰ ਡਾ. ਸੁਮਨ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ। ਮਰੀਜ਼ ਦਾ ਇਸ ਸਮੇਂ ਸ਼ਹਿਰ ਦੇ ਇਕ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਫਿਲਹਾਲ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪਰ ਉਸ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਸਵਾਈਨ ਫਲੂ ਦਾ ਪਹਿਲਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਵੀ ਹਰਕਤ 'ਚ ਆ ਗਿਆ ਹੈ। ਵਿਭਾਗ ਵੱਲੋਂ ਲੋਕਾਂ ਲਈ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ।
ਵਿਭਾਗ ਦਾ ਕਹਿਣਾ ਹੈ ਕਿ ਲੋਕਾਂ ਨੂੰ ਬੁਖਾਰ, ਸਿਰ ਦਰਦ, ਖੰਘ, ਜ਼ੁਕਾਮ ਵਰਗੇ ਲੱਛਣਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਇਹ ਵਾਇਰਲ ਬੁਖਾਰ ਜਾਂ ਫਲੂ ਦੇ ਲੱਛਣ ਵੀ ਹੋ ਸਕਦੇ ਹਨ। ਇਸ ਲਈ ਵਿਭਾਗ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਉਹ ਨੇੜਲੇ ਸਿਹਤ ਕੇਂਦਰ 'ਚ ਆਪਣੀ ਜਾਂਚ ਕਰਵਾਉਣ। ਵਿਭਾਗ ਦਾ ਕਹਿਣਾ ਹੈ ਕਿ ਫਲੂ ਦੇ ਮਰੀਜ਼ ਆਮ ਤੌਰ 'ਤੇ ਤਿੰਨ ਤੋਂ ਚਾਰ ਦਿਨਾਂ ਵਿੱਚ ਠੀਕ ਹੋ ਜਾਂਦੇ ਹਨ। ਬਰਸਾਤ ਦੇ ਦਿਨਾਂ 'ਚ ਤਾਪਮਾਨ 'ਚ ਲਗਾਤਾਰ ਬਦਲਾਅ ਹੁੰਦਾ ਰਹਿੰਦਾ ਹੈ, ਜਿਸ ਕਾਰਨ ਲੋਕਾਂ ਨੂੰ ਵਾਇਰਲ ਹੋਣ ਦਾ ਖਤਰਾ ਰਹਿੰਦਾ ਹੈ।