ਚੰਡੀਗੜ੍ਹ: 03 ਅਗਸਤ, 2024
ਏਅਰ ਮਾਰਸ਼ਲ ਵਿਜੇ ਕੁਮਾਰ ਗਰਗ, ਏਅਰ ਆਫਿਸਰ ਕਮਾਂਡਿੰਗ-ਇਨ-ਚੀਫ ਮੇਨਟੇਨੈਂਸ ਕਮਾਂਡ (ਐਮ ਸੀ) ਅਤੇ ਸ਼੍ਰੀਮਤੀ ਰਿਤੂ ਗਰਗ, ਪ੍ਰਧਾਨ ਏਅਰ ਫੋਰਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ (ਰੀਜਨਲ) [ਅਫਵਾ] ਦਾ 3 ਬੇਸ ਰਿਪੇਅਰ ਡਿਪੂ (3 ਬੀਆਰਡੀ), ਏਅਰ ਫੋਰਸ ਚੰਡੀਗੜ੍ਹ ਦਾ ਤਿੰਨ ਦਿਨਾਂ (01 ਅਗਸਤ ਤੋਂ 03 ਅਗਸਤ, 2024 ਤੱਕ) ਦੌਰਾ ਅੱਜ ਸਮਾਪਤ ਹੋਇਆ।ਨਾਗਪੁਰ ਵਿੱਚ ਭਾਰਤੀ ਹਵਾਈ ਸੈਨਾ ਦੀ ਤਕਨਾਲੋਜੀ-ਅਧਾਰਿਤ ਮੇਨਟੇਨੈਂਸ ਕਮਾਂਡ ਦੀ ਕਮਾਨ ਸੰਭਾਲਣ ਤੋਂ ਬਾਅਦ ਚੰਡੀਗੜ੍ਹ 3 ਬੀਆਰਡੀ ਵਿੱਚ ਉਨ੍ਹਾਂ ਦੀ ਇਹ ਪਹਿਲੀ ਫੇਰੀ ਸੀ। ਇਸ ਮੌਕੇ ਏਅਰ ਕਮਾਂਡਰ ਰਾਜੀਵ ਸ਼੍ਰੀਵਾਸਤਵ, ਏਅਰ ਆਫਿਸਰ ਕਮਾਂਡਿੰਗ, ਬੇਸ ਰਿਪੇਅਰ ਡਿਪੂ ਚੰਡੀਗੜ੍ਹ ਨੇ ਉਹਨਾਂ ਨੂੰ 3 ਬੀ ਆਰ ਡੀ ਵਿੱਚ ਹੋ ਰਹੀਆਂ ਵੱਖ ਵੱਖ ਕਾਰਗੁਜ਼ਾਰੀਆਂ ਦੀ ਜਾਣਕਾਰੀ ਦਿੱਤੀ।
ਏਅਰ ਮਾਰਸ਼ਲ ਵਿਜੇ ਕੁਮਾਰ ਗਰਗ ਨੇ ਵੱਖ-ਵੱਖ ਮੁਰੰਮਤ, ਓਵਰਹਾਲ ਅਤੇ ਸਿਖਲਾਈ ਸਹੂਲਤਾਂ ਦਾ ਦੌਰਾ ਕੀਤਾ ਅਤੇ ਡਿਪੂ ਵਿਖੇ ਜਹਾਜ਼ਾਂ ਅਤੇ ਏਅਰੋ ਇੰਜਣਾਂ ਦੇ ਉਤਪਾਦਨ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਨੇ ਨਵੀਂ ਤਕਨੀਕੀ ਤਰੱਕੀ ਦੇ ਨਾਲ ਤਾਲਮੇਲ ਬਣਾਈ ਰੱਖਣ, ਕੁਸ਼ਲਤਾ ਨਾਲ ਕਰਤੱਵਾਂ ਨੂੰ ਨਿਭਾਉਣ ਅਤੇ ਉੱਚ ਕੁਸ਼ਲਤਾ ਦੇ ਮਾਪਦੰਡ ਸਥਾਪਤ ਕਰਨ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸਾਰੇ ਹਵਾਈ ਯੋਧਿਆਂ ਨੂੰ ਸਰੀਰਕ ਤੰਦਰੁਸਤੀ, ਮਾਨਸਿਕ ਚੁਸਤੀ ਬਣਾਈ ਰੱਖਣ ਅਤੇ ਸੰਚਾਲਨ ਦੀ ਤਿਆਰੀ ਲਈ ਸੁਰੱਖਿਆ ਪ੍ਰਤੀ ਜਾਗਰੂਕ ਰਹਿਣ ਲਈ ਉਤਸ਼ਾਹਿਤ ਕੀਤਾ।
ਸ਼੍ਰੀਮਤੀ ਰਿਤੂ ਗਰਗ ਨੇ ਅਫਵਾ (ਸਥਾਨਕ) ਵੱਲੋਂ ਕਰਵਾਏ ਗਏ ਉਪਰਾਲਿਆਂ ਦਾ ਨਿਰੀਖਣ ਕੀਤਾ ਅਤੇ ਡਿਪੂ ਦੀਆਂ ਸੰਗਿਣੀਆਂ ਨਾਲ ਗੱਲਬਾਤ ਵੀ ਕੀਤੀ। ਸ਼੍ਰੀਮਤੀ ਨੀਤਿਕਾ ਸ਼੍ਰੀਵਾਸਤਵ, ਪ੍ਰੈਜ਼ੀਡੈਂਟ ਅਫਵਾ (ਸਥਾਨਕ) ਨੇ ਉਨ੍ਹਾਂ ਨੂੰ ਵਾਯੂ ਸੈਨਾ ਦੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਜੀਵਨ ਵਿੱਚ ਸੁਧਾਰ ਲਈ ਡਿਪੂ ਦੀਆਂ ਵੱਖ-ਵੱਖ ਪਹਿਲਕਦਮੀਆਂ ਬਾਰੇ ਵੀ ਜਾਣੂ ਕਰਵਾਇਆ।
ਇਸ ਦੌਰਾਨ ਏ.ਓ.ਸੀ ਨੇ ਚੰਡੀਗੜ੍ਹ ਦੇ ਸੈਕਟਰ-18 ਵਿੱਚ ਭਾਰਤੀ ਹਵਾਈ ਸੈਨਾ ਦੇ ਵਿਰਾਸਤੀ ਕੇਂਦਰ ਦਾ ਵੀ ਦੌਰਾ ਕੀਤਾ।