ਚੰਡੀਗੜ੍ਹ, 21 ਅਗਸਤ
ਡਾਕਟਰਾਂ ਦੀ ਹੜਤਾਲ ਦਾ ਅਸਰ ਹੁਣ ਨਿਊ OPD ’ਤੇ ਦਿਸ ਰਿਹਾ ਹੈ। ਹਾਲਾਂਕਿ ਇਕ ਹਫ਼ਤੇ ਤੋਂ ਸਿਰਫ਼ ਪੁਰਾਣੇ ਫਾਲੋਅਪ ਮਰੀਜ਼ ਹੀ ਦੇਖੇ ਜਾ ਰਹੇ ਹਨ। ਹੁਣ ਪਹਿਲਾਂ ਦੇ ਮੁਕਾਬਲੇ ਪੁਰਾਣੇ ਮਰੀਜ਼ਾਂ ਦੀ ਗਿਣਤੀ ਘੱਟ ਹੋਈ ਹੈ। ਹਰ ਰੋਜ਼ ਦੀ ਤਰ੍ਹਾਂ ਮੰਗਲਵਾਰ ਸਵੇਰੇ PGI ’ਚ ਭਾਰਗਵ ਆਡੀਟੋਰੀਅਮ ਦੇ ਸਾਹਮਣੇ ਬਣੇ ਟੈਂਟ ਦੇ ਅੰਦਰ ਰੈਜ਼ੀਡੈਂਟ ਡਾਕਟਰ ਬੈਠੇ ਸਨ ਪਰ ਨਜ਼ਾਰਾ ਕੁੱਝ ਵੱਖਰਾ ਸੀ। ਡਾਕਟਰ ਮਰੀਜ਼ਾਂ ਨੂੰ ਬੁਲਾ ਕੇ ਟੈਂਟ ’ਚ ਹੀ ਚੈੱਕਅਪ ਕਰ ਰਹੇ ਸਨ। ਉੱਥੇ ਹੀ ਸੈਕਟਰ-32 GMCH ਨੇ ਆਨਲਾਈਨ ਰਜਿਸਟ੍ਰੇਸ਼ਨ ਵੀ ਬੰਦ ਕਰ ਦਿੱਤੀ ਹੈ। ਵਿਰੋਧ ਪ੍ਰਦਰਸ਼ਨ ’ਚ PGI ਡਾਕਟਰਾਂ ਨੇ ਨਵਾਂ ਰਾਹ ਅਪਣਾਇਆ ਹੈ, ਬੁੱਧਵਾਰ ਤੋਂ ਸਾਰੇ ਡਾਕਟਰ ਮਰੀਜ਼ਾਂ ਨੂੰ ਟੈਂਟ ’ਚ ਦੇਖਣ ਵਾਲੇ ਹਨ। ਉਨ੍ਹਾਂ ਨੇ ਫ਼ੈਸਲਾ ਲਿਆ ਹੈ ਕਿ ਬੁੱਧਵਾਰ ਨੂੰ ਹੜਤਾਲ ਜਾਰੀ ਰਹੇਗੀ, ਪਰ ਟੈਂਟ ’ਚ ਹੀ ਮਰੀਜ਼ਾਂ ਨੂੰ ਦੇਖਿਆ ਜਾਵੇਗਾ। ਸਾਰੇ ਵਿਭਾਗਾਂ ਦੇ ਡਾਕਟਰ ਆਪਣੇ ਨਾਲ ਉਪਕਰਨ ਲੈ ਕੇ ਆਉਣਗੇ। ਹਾਲੇ ਤੱਕ ਐਮਰਜੈਂਸੀ ਸੇਵਾ ਨੂੰ ਬੰਦ ਨਹੀਂ ਕੀਤਾ ਗਿਆ ਹੈ।