ਚੰਡੀਗੜ੍ਹ, 27 ਅਗਸਤ
ਪੰਜਾਬ ਯੂਨੀਵਰਸਿਟੀ ਅਤੇ ਡੀਏਵੀ ਕਾਲਜ ਦੀਆਂ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ 5 ਸਤੰਬਰ ਨੂੰ ਹੋਣੀਆਂ ਹਨ।ਚੋਣਾਂ ਲਈ ਸਿਰਫ਼ ਅੱਠ ਦਿਨ ਬਾਕੀ ਰਹਿ ਗਏ ਹਨ, ਵਿਦਿਆਰਥੀ ਜਥੇਬੰਦੀਆਂ ਨੇ ਇਸ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਚੰਡੀਗੜ੍ਹ ਪੁਲੀਸ ਨੇ ਪੰਜਾਬ ਯੂਨੀਵਰਸਿਟੀ ਅਤੇ ਡੀਏਵੀ ਕਾਲਜ ਦੇ ਸੁਰੱਖਿਆ ਪ੍ਰਬੰਧਾਂ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ ਹੈ ਤਾਂ ਜੋ ਸੁਰੱਖਿਆ ਪ੍ਰਬੰਧਾਂ ਵਿੱਚ ਕੋਈ ਢਿੱਲ ਨਾ ਆਵੇ ਅਤੇ ਅਮਨ-ਕਾਨੂੰਨ ਵਿੱਚ ਕੋਈ ਵਿਘਨ ਨਾ ਪਵੇ। ਪੁਲੀਸ ਨੇ ਪੀਯੂ ਦੇ ਤਿੰਨਾਂ ਗੇਟਾਂ ’ਤੇ ਬੈਰੀਕੇਡ ਲਾਏ ਹੋਏ ਹਨ। ਬਾਹਰੀ ਲੋਕਾਂ ਨੂੰ ਯੂਨੀਵਰਸਿਟੀ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਜਾ ਰਿਹਾ ਹੈ। ਸੁਰੱਖਿਆ ਲਈ 100 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਡੀ.ਏ.ਵੀ. ਕਾਲਜ ਵਿੱਚ ਪੁਲੀਸ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ।
ਪੁਲੀਸ ਨੇ ਵਿਦਿਆਰਥੀ ਆਗੂਆਂ ਨੂੰ ਚੋਣਾਂ ਦੇ ਮੱਦੇਨਜ਼ਰ ਕਿਤੇ ਵੀ ਅਮਨ-ਕਾਨੂੰਨ ਨੂੰ ਭੰਗ ਨਾ ਕਰਨ ਦੀ ਹਦਾਇਤ ਕੀਤੀ ਹੈ। ਪੁਲਿਸ ਦਾ ਸਪੱਸ਼ਟ ਕਹਿਣਾ ਹੈ ਕਿ ਇਸ ਵਾਰ ਚੋਣਾਂ ਦੌਰਾਨ ਪੈਸੇ ਅਤੇ ਸ਼ਰਾਬ ਨਹੀਂ ਵੰਡੀ ਜਾਵੇਗੀ।