ਚੰਡੀਗੜ੍ਹ, 4 ਸਤੰਬਰ
ਪੀਜੀਆਈ ਵਿੱਚ ਸੁਰੱਖਿਆ ਦੇ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆਂ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ। ਪੀਜੀਆਈ ਪ੍ਰਸ਼ਾਸਨ ਅਨੁਸਾਰ ਇਸ ਟਾਸਕ ਫੋਰਸ ਤਹਿਤ ਪੰਜ ਸਬ ਕਮੇਟੀਆਂ ਕੰਮ ਕਰਨਗੀਆਂ।
ਹਰ ਕਮੇਟੀ ਵਿੱਚ ਡਾਕਟਰ, ਪੈਰਾ ਮੈਡੀਕਲ ਸਟਾਫ਼, ਟੈਕਨੀਕਲ ਸਟਾਫ਼, ਨਰਸਿੰਗ ਅਫ਼ਸਰ ਅਤੇ ਸੰਸਥਾ ਦੀਆਂ ਵੱਖ-ਵੱਖ ਮੁਲਾਜ਼ਮ ਯੂਨੀਅਨਾਂ ਦੇ ਅਹੁਦੇਦਾਰ ਸ਼ਾਮਲ ਹਨ। ਇਹ ਕਮੇਟੀ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ ਪੀਜੀਆਈ ਪ੍ਰਸ਼ਾਸਨ ਨੂੰ ਸੁਝਾਅ ਦੇਵੇਗੀ ਅਤੇ ਸਮੇਂ-ਸਮੇਂ 'ਤੇ ਸਮੀਖਿਆ ਵੀ ਕਰੇਗੀ।
ਇਸ ਦੇ ਤਹਿਤ ਹਸਪਤਾਲ 'ਚ ਕੰਮ ਕਰ ਰਹੇ ਸਾਰੇ ਕਰਮਚਾਰੀਆਂ ਦੇ ਨਾਲ-ਨਾਲ ਟਰਾਂਸਜੈਂਡਰ ਭਾਈਚਾਰੇ ਦੀ ਸੁਰੱਖਿਆ ਦਾ ਹਰ ਪੱਧਰ 'ਤੇ ਮੁਲਾਂਕਣ ਕੀਤਾ ਜਾਵੇਗਾ। ਇਸ ਦੇ ਨਾਲ ਹੀ ਮਹਿਲਾ ਕਰਮਚਾਰੀਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਹਰ ਇਮਾਰਤ 'ਚ ਹਰ ਮੰਜ਼ਿਲ 'ਤੇ ਐਮਰਜੈਂਸੀ ਅਲਰਟ ਸਿਸਟਮ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਪ੍ਰਣਾਲੀ ਦਾ ਕੰਟਰੋਲ ਮੈਡੀਕਲ ਸੁਪਰਡੈਂਟ ਅਤੇ ਮੁੱਖ ਸੁਰੱਖਿਆ ਅਧਿਕਾਰੀ ਕੋਲ ਹੋਵੇਗਾ।