ਬਨੂੜ, 3 ਅਕਤੂਬਰ (ਅਵਤਾਰ ਸਿੰਘ)
ਲੰਘੀ ਰਾਤ ਪਿੰਡ ਬੂਟਾ ਸਿੰਘ ਵਾਲਾ ਦੇ ਇਕ 40 ਸਾਲਾਂ ਨੌਜਵਾਨ ਦੀ ਡੇਂਗੂ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਕਮਲਜੀਤ ਸਿੰਘ ਦੇ ਫੁੱਫੜ ਅਮਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਮਲਜੀਤ ਸਿੰਘ ਕਰੀਬ 8 ਦਿਨਾਂ ਤੋਂ ਬਿਮਾਰ ਚਲ ਰਿਹਾ ਸੀ ਅਤੇ ਉਹ ਪਿੰਡ ਦੇ ਕਿਸੇ ਡਾਕਟਰ ਤੋਂ ਦਵਾਈ ਲੈ ਰਿਹਾ ਸੀ। ਦੋ ਦਿਨ ਪਹਿਲਾਂ ਜਦੋਂ ਕਮਲਜੀਤ ਸਿੰਘ ਨੇ ਆਪਣੇ ਖੂਨ ਦੀ ਜਾਂਚ ਕਰਵਾਈ ਤਾਂ ਉਸ ਦੀ ਰਿਪੋਰਟ ਡੇਂਗੂ ਪਾਜ਼ੇਟਿਵ ਆਈ। ਜਿਸ ਤੋਂ ਬਾਅਦ ਉਸ ਨੇ ਗਿਆਨ ਸਾਗਰ ਹਸਪਤਾਲ ਤੋਂ ਆਪਣਾ ਇਲਾਜ ਸ਼ੁਰੂ ਕਰਵਾਇਆ। ਉਨ੍ਹਾਂ ਦੱਸਿਆ ਕਿ ਉਸ ਦੀ ਹਾਲਤ ਜਿਆਦਾ ਖਰਾਬ ਹੋਣ ਕਾਰਨ ਉਸ ਨੂੰ ਇਲਾਜ ਲਈ ਇਕ ਹੋਰ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਉਹ ਇਸ ਬਿਮਾਰੀ ਨਾਲ ਜੂਝਦਾ ਹੋਇਆ ਬੁੱਧਵਾਰ ਦੇਰ ਰਾਤ ਦਮ ਤੋੜ ਗਿਆ। ਮ੍ਰਿਤਕ ਆਪਣੇ ਪਿੱਛੇ ਆਪਣੀ ਵਿਧਵਾ ਪਤਨੀ ਅਤੇ ਦੋ ਛੋਟੇ-ਛੋਟੇ ਬੱਚੇ ਛੱਡ ਗਿਆ ਹੈ। ਉਸ ਦੇ ਮਾਤਾ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਉਸ ਦੇ ਘਰ ਵਿਚ ਕਮਾਉਣ ਵਾਲਾ ਉਹ ਇਕਲੋਤਾ ਸੀ।
ਜਦੋਂ ਇਸ ਮਾਮਲੇ ਸਬੰਧੀ ਸਰਕਾਰੀ ਹਸਪਤਾਲ ਬਨੂੜ ਦੀ ਐਸ ਐਮ ਓ ਡਾ ਰਜਨੀਤ ਕੌਰ ਰੰਧਾਵਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪਿੰਡ ਬੂਟਾ ਸਿੰਘ ਵਾਲਾ ਦੇ 3-4 ਮਰੀਜ ਡੇਂਗੂ ਪੀੜਤ ਹੋਣ ਦੀ ਰਿਪੋਰਟ ਉਨ੍ਹਾਂ ਕੋਲ ਆਈ ਸੀ, ਪਰ ਉਕਤ ਵਿਅਕਤੀ ਦੀ ਮੌਤ ਦੀ ਖਬਰ ਉਨ੍ਹਾਂ ਕੋਲ ਨਹੀ ਆਈ ਤੇ ਨਾ ਹੀ ਹਸਪਤਾਲ ਪ੍ਰਸ਼ਾਸਨ ਨੇ ਇਸ ਸਬੰਧੀ ਰਿਪੋਰਟ ਭੇਜੀ ਹੈ। ਉਨ੍ਹਾਂ ਕਿਹਾ ਕਿ ਭਲ ਕੇ ਸ਼ੁਕਰਵਾਰ ਨੂੰ ਪਿੰਡ ਦਾ ਸਰਵੇ ਕਰਵਾ ਕੇ ਪਰਿਵਾਰ ਤੇ ਆਲੇ ਦੁਆਲੇ ਰਹਿੰਦੇ ਲੋਕਾਂ ਦੇ ਟੈਸਟ ਕਰਵਾਏ ਜਾਣਗੇ ਤੇ ਲੋਕਾਂ ਨੂੰ ਡੇਂਗੂ ਦੇ ਲੱਛਣਾ ਸਬੰਧੀ ਜਾਗਰੂਕ ਕੀਤਾ ਜਾਵੇਗਾ।