ਸ੍ਰੀ ਫ਼ਤਹਿਗੜ੍ਹ ਸਾਹਿਬ/4 ਅਕਤੂਬਰ:
(ਰਵਿੰਦਰ ਸਿੰਘ ਢੀਂਡਸਾ)
ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਨੇ ਜ਼ਿਲਾ ਹਸਪਤਾਲ ਦੇ ਇੰਚਾਰਜ ਡਾ. ਕੇਡੀ ਸਿੰਘ ਨੂੰ ਨਾਲ ਲੈ ਕੇ ਹਸਪਤਾਲ ਦੇ ਡੇਂਗੂ ਵਾਰਡ ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਉਹਨਾਂ ਵਾਰਡ ਵਿੱਚ ਦਾਖਲ ਮਰੀਜ਼ਾਂ ਦਾ ਹਾਲ ਚਾਲ ਪੁੱਛਿਆ। ਡਾ. ਦਵਿੰਦਰਜੀਤ ਕੌਰ ਨੇ ਉਨਾਂ ਨੂੰ ਠੀਕ ਹੋਣ ਤੱਕ ਵਾਰਡ ਵਿੱਚ ਲੱਗੀਆਂ ਮੱਛਰਦਾਨੀਆਂ ਦੇ ਅੰਦਰ ਹੀ ਰਹਿਣ ਅਤੇ ਆਪਣੇ ਖਾਣ ਪੀਣ ਵਿੱਚ ਸਿਹਤਮੰਦ ਖਾਣਾ ਲੈਣ ਦੇ ਨਾਲ ਨਾਲ ਵਧੇਰੇ ਤਰਲ ਪਦਾਰਥਾਂ ਦੀ ਵਰਤੋਂ ਕਰਨ ਲਈ ਕਿਹਾ। ਡਾ. ਦਵਿੰਦਰਜੀਤ ਕੌਰ ਨੇ ਮਰੀਜ਼ਾਂ ਦੇ ਵਾਰਸਾਂ ਨੂੰ ਕਿਹਾ ਕਿ ਉਹ ਮੱਛਰਾਂ ਦੀ ਪੈਦਾਇਸ਼ ਨੂੰ ਰੋਕਣ ਲਈ ਆਪਣੇ ਘਰਾਂ ਦੇ ਆਲੇ ਦੁਆਲੇ ਪਾਣੀ ਨਾ ਖੜਾ ਹੋਣ ਦੇਣ ਤੇ ਸਾਫ ਸਫਾਈ ਦਾ ਵਿਸ਼ੇਸ਼ ਖਿਆਲ ਰੱਖਣ । ਉਹਨਾਂ ਕਿਹਾ ਕਿ ਉਹ ਜਾਲੀਦਾਰ ਦਰਵਾਜੇ, ਮੱਛਰ ਭੁਜਾਊ ਕਰੀਮਾ/ਜੰਤਰਾਂ ਆਦਿ ਦੀ ਵਰਤੋਂ ਕਰਨ ਅਤੇ ਵੱਧ ਤੋਂ ਵੱਧ ਸਰੀਰ ਢਕਣ ਵਾਲੇ ਕੱਪੜੇ ਪਹਿਨਣ ਅਤੇ ਸਿਹਤ ਵਿਭਾਗ ਵੱਲੋਂ ਸੁਝਾਈਆਂ ਸਾਵਧਾਨੀਆਂ ਦੀ ਵਰਤੋਂ ਕਰਨ। ਡਾ ਦਵਿੰਦਰਜੀਤ ਕੌਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜਿਲੇ ਅੰਦਰ ਡੇਂਗੂ ਦੀ ਸਥਿਤੀ ਭਾਵੇਂ ਕਾਬੂ ਹੇਠ ਹੈ ਪਰ ਫਿਰ ਵੀ ਵਿਭਾਗ ਵੱਲੋਂ ਸੁਝਾਏ ਨਿਯਮਾਂ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ ਅਤੇ ਹਰ ਫਰਾਈਡੇ ਨੂੰ ਬਤੌਰ ਡਰਾਈ ਡੇ ਮਨਾਇਆ ਜਾਵੇ । ਸੀਨੀਅਰ ਮੈਡੀਕਲ ਅਫਸਰ ਡਾ. ਕੇਡੀ ਸਿੰਘ ਨੇ ਕਿਹਾ ਕਿ ਜਿਲਾ ਹਸਪਤਾਲ ਵਿਖੇ ਡੇਂਗੂ ਦੇ ਮਰੀਜ਼ਾਂ ਲਈ ਵੱਖਰਾ ਪ੍ਰਬੰਧ ਕੀਤਾ ਹੋਇਆ ਹੈ ਲੋੜ ਪੈਣ ਤੇ ਇਹ ਸੇਵਾਵਾਂ ਲਈਆਂ ਜਾ ਸਕਦੀਆਂ ਹਨ। ਇਸ ਮੌਕੇ ਤੇ ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਗੁਰਦੀਪ ਸਿੰਘ ,ਜਸਵਿੰਦਰ ਕੌਰ ,ਫਾਰਮੇਸੀ ਅਫਸਰ ਸੰਦੀਪ ਸਿੰਘ ,ਨਰਸਿੰਗ ਸਿਸਟਰ ਪਰਮਿੰਦਰ ਕੌਰ ਅਤੇ ਸਟਾਫ ਨਰਸ ਦਲਜੀਤ ਕੌਰ ਵੀ ਹਾਜਰ ਸਨ।