ਮਹਿੰਦਰ ਸਿੰਘ ਅਰਲੀਭੰਨ ਪੰਜਾਬੀ ਜਾਗਰਣ
ਕਲਾਨੌਰ
ਮੰਡੀਆਂ ਵਿੱਚ ਝੋਨੇ ਦੀ ਖਰੀਦ ਅਤੇ ਲਿਫਟਿੰਗ ਦੀ ਢਿੱਲੀ ਰਫਤਾਰ ਕਾਰਨ ਜਿੱਥੇ ਪਹਿਲਾਂ ਹੀ ਕਿਸਾਨ ਪ੍ਰੇਸ਼ਾਨੀਆਂ ਦੇ ਦੌਰ ਵਿੱਚੋਂ ਦੀ ਗੁਜਰ ਰਹੇ ਸਨ ਉਥੇ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਦੋ ਦਿਨ ਦਿਵਾਲੀ ਦਾ ਤਿਉਹਾਰ ਮਨਾਉਣ ਕਾਰਨ ਲੇਬਰਾਂ ਦੀ ਘਾਟ ਕਰਕੇ ਕਿਸਾਨਾਂ ਨੂੰ ਖੁਦ ਟਰਾਲੀਆਂ ਵਿੱਚੋਂ ਝੋਨਾ ਲਾਉਣ ਲਈ ਮਜਬੂਰ ਹੋਣਾ ਪਿਆ ਅਤੇ ਇਸ ਵਾਰ ਕਈ ਕਿਸਾਨਾਂ ਨੂੰ ਦਿਵਾਲੀ ਮੰਡੀਆਂ ਵਿੱਚ ਹੀ ਮਨਾਉਣੀ ਪਈ। ਇਸ ਸਬੰਧੀ ਅਨਾਜ ਮੰਡੀ ਕਲਾਨੌਰ ਵਿੱਚ ਝੋਨਾ ਵੇਚਣ ਲਈ ਆਏ ਕਿਸਾਨ ਅੰਮ੍ਰਿਤਪਾਲ ਸਿੰਘ, ਨਰਿੰਦਰ ਸਿੰਘ, ਪ੍ਰਭ ਜੀਤ ਸਿੰਘ ਆਦਿ ਕਿਸਾਨਾਂ ਨੇ ਦੱਸਿਆ ਕਿ ਜਿੱਥੇ ਇਸ ਵਾਰ ਮੰਡੀਆਂ ਵਿੱਚ ਝੋਨੇ ਦੀ ਬੇਕਦਰੀ ਹੋ ਰਹੀ ਹੈ ਅਤੇ ਰੇਟ ਸਰਕਾਰੀ ਖਰੀਦ ਤੋਂ ਘੱਟ ਮਿਲ ਰਿਹਾ ਹੈ ਉੱਥੇ ਮੰਡੀਆਂ ਵਿੱਚ ਝੋਨੇ ਦੇ ਅੰਬਾਰ ਲੱਗਣ ਉਪਰੰਤ ਦੋ ਦਿਨ ਦਿਵਾਲੀ ਦਾ ਮਾਹੌਲ ਹੋਣ ਕਰਕੇ ਲੇਬਰਾਂ ਦੀ ਆਈ ਕਮੀ ਕਰਕੇ ਉਹਨਾਂ ਨੂੰ ਖੁਦ ਟਰਾਲੀਆਂ ਵਿੱਚੋਂ ਝੋਨਾ ਲਾਉਣ ਲਈ ਮਜਬੂਰ ਹੋਣਾ ਪਿਆ ਹੈ। ਕਿਸਾਨਾਂ ਨੇ ਦੱਸਿਆ ਕਿ ਜਿੱਥੇ ਪਿਛਲੇ ਸਮਿਆਂ ਵਿੱਚ ਕਿਸਾਨਾਂ ਦੀ ਜਿਨਸ ਮੰਡੀਆਂ ਵਿੱਚ ਹੱਥੋ ਹੱਥੀ ਵਿਕਣ ਤੋਂ ਬਾਅਦ ਕਿਸਾਨ ਆਪਣੇ ਘਰਾਂ ਵਿੱਚ ਦਿਵਾਲੀ ਦੇ ਜਸ਼ਨ ਮਨਾਉਂਦੇ ਸਨ ਉੱਥੇ ਇਹ ਵਾਰ ਮੰਡੀਆਂ ਵਿੱਚ ਝੋਨੇ ਦੀ ਖਰੀਦ ਢਿੱਲੀ ਰਫਤਾਰ ਵਿੱਚ ਹੋਣ ਕਰਕੇ ਕਿਸਾਨ ਮੰਡੀਆਂ ਵਿੱਚ ਹੀ ਦਿਵਾਲੀ ਮਨਾਉਣ ਨੂੰ ਮਜਬੂਰ ਹੈ। ਕਿਸਾਨਾਂ ਨੇ ਕਿਹਾ ਕਿ ਜਿੱਥੇ ਪਹਿਲਾਂ ਹੀ ਲਿਫਟਿੰਗ ਅਤੇ ਝੋਨੇ ਦੀ ਖਰੀਦ ਢਿੱਲੀ ਰਫਤਾਰ ਵਿੱਚ ਚੱਲ ਰਹੀ ਸੀ ਉੱਥੇ ਦੋ ਦਿਨ ਤੋਂ ਲੋਕਾਂ ਵੱਲੋਂ ਦਿਵਾਲੀ ਮਨਾਉਣ ਕਰਕੇ ਲੇਬਰ ਦੀ ਕਮੀ ਪਾਈ ਜਾ ਰਹੀ ਹੈ ਜਿਸ ਕਰਕੇ ਮੰਡੀਆਂ ਵਿੱਚ ਝੋਨਾ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਖੁਦ ਟਰਾਲੀਆਂ ਵਿੱਚੋਂ ਝੋਨਾ ਲਾਹੁਣਾ ਪੈ ਰਿਹਾ ਹੈ।