ਸ੍ਰੀ ਫ਼ਤਹਿਗੜ੍ਹ ਸਾਹਿਬ/7 ਨਵੰਬਰ:
(ਰਵਿੰਦਰ ਸਿੰਘ ਢੀਂਡਸਾ)
ਜ਼ਿਲ੍ਹੇ ਦੇ ਪਿੰਡ ਰੰਘੇੜਾ ਦੇ ਸਫਲ ਕਿਸਾਨ ਰਵਿੰਦਰ ਸਿੰਘ ਤੇ ਸੁਖਵਿੰਦਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਣਕ ਦੀ ਬਿਜਾਈ ਲਈ ਡੀ ਏ ਪੀ ਦੀ ਦੀ ਥਾਂ ਐਨ.ਪੀ.ਕੇ. ਅਤੇ ਟਰਿਪਲ ਸੁਪਰ ਫਾਸਫੇਟ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਕਿਸਾਨਾਂ ਨੇ ਕਿਹਾ ਕਿ ਕਣਕ ਦੀ ਫ਼ਸਲ ਵਿੱਚ ਫਾਸਫੋਰਸ ਤੱਤ ਦੀ ਪੂਰਤੀ ਲਈ ਅਸੀਂ ਡੀ ਏ ਪੀ ਦੀ ਜਗਾ ਐਨ ਪੀ ਕੇ 12-32-16 ਵੀ ਵਰਤ ਸਕਦੇ ਹਾਂ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਉਨ੍ਹਾਂ ਵੱਲੋਂ ਡੀ ਏ ਪੀ ਦੀ ਬਹੁਤ ਘੱਟ ਵਰਤੋਂ ਕੀਤੀ ਗਈ ਸੀ ਅਤੇ ਉਸਦੇ ਮੁਕਾਬਲੇ ਕਣਕ ਦੀ ਬਿਜਾਈ ਲਈ ਐਨ ਪੀ ਕੇ 12:32:16 ਦੀ ਵਰਤੋਂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਐਨ ਪੀ ਕੇ 12:32:16 ਦੀ ਵਰਤੋਂ ਨਾਲ ਕਣਕ ਦਾ ਝਾੜ ਬਹੁਤ ਵਧੀਆ ਰਿਹਾ। ਸਫਲ ਕਿਸਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਇਸ ਵਾਰ ਵੀ ਉਨ੍ਹਾਂ ਵੱਲੋਂ ਡੀ ਏ ਪੀ ਦੀ ਜਗ੍ਹਾ ਟਰਿਪਲ ਸੁਪਰਫਾਸਫੇਟ ਦੀ ਵਰਤੋਂ 'ਤੇ ਜ਼ੋਰ ਦਿੱਤਾ ਜਾਵੇਗਾ ਤਾਂ ਜੋ ਫਾਸਫੋਰਸ ਦੀ ਪੂਰਤੀ ਡੀ ਏ ਪੀ 'ਤੇ ਨਿਰਭਰਤਾ ਨੂੰ ਘੱਟ ਕੀਤਾ ਜਾ ਸਕੇ।ਇਸ ਸਬੰਧੀ ਅਮਲੋਹ ਦੇ ਬਲਾਕ ਖੇਤੀਬਾੜੀ ਅਫ਼ਸਰ ਡਾ. ਬੂਟਾ ਸਿੰਘ ਇਨ੍ਹਾਂ ਕਿਸਾਨਾਂ ਦੀ ਪ੍ਰੋੜਤਾ ਕਰਦੇ ਹੋਏ ਕਿਹਾ ਕਿ ਕਿਸਾਨਾਂ ਵੱਲੋਂ ਫਾਸਫੋਰਸ ਦੀ ਡੀ ਏ ਪੀ ਤੋਂ ਨਿਰਭਰਤਾ ਘਟਾ ਕੇ, ਹੋਰਨਾਂ ਫਾਸਫੋਰਸ ਸਰੋਤਾਂ ਤੋਂ ਪੂਰਤੀ ਕੀਤੀ ਗਈ ਹੈ ਜਿਸ ਨਾਲ ਜਿੱਥੇ ਡੀ ਏ ਪੀ 'ਤੇ ਨਿਰਭਰਤਾ ਘਟੀ ਹੈ, ਉਥੇ ਬਾਜ਼ਾਰ ਵਿੱਚ ਮੌਜੂਦ ਹੋਰ ਫਾਸਫੋਰਸ ਸਰੋਤਾਂ 'ਤੇ ਵਿਸ਼ਵਾਸ ਬਣਿਆ ਹੈ।ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਧਰਮਿੰਦਰਜੀਤ ਸਿੰਘ ਨੇ ਦੱਸਿਆ ਕਿ ਐਨ ਪੀ ਕੇ 12:32:16 ਵਿੱਚ 32 ਫੀਸਦੀ ਫਾਸਫੋਰਸ ਤੱਤ ਤਾਂ ਹੁੰਦਾ ਹੀ ਹੈ, ਨਾਲ ਹੀ ਨਾਈਟ੍ਰੋਜਨ ਤੇ ਪੋਟਾਸ਼ ਵੀ ਮਿਲਦਾ ਹੈ ਜਦਕਿ ਇੱਕ ਹੋਰ ਬਦਲਵੇਂ ਸਰੋਤ ਟਰਿਪਲ ਸੁਪਰਫਾਸਫੇਟ ਵਿੱਚ 46 ਫੀਸਦੀ ਫਾਸਫੋਰਸ ਦੀ ਮਾਤਰਾ ਮੌਜੂਦ ਹੁੰਦੀ ਹੈ। ਉਨ੍ਹਾਂ ਕਿਹਾ ਕਿ ਬਾਜ਼ਾਰ ਵਿੱਚ ਡੀ ਏ ਪੀ ਦੇ ਕਈ ਬਦਲ ਮੌਜੂਦ ਹਨ, ਇਸ ਕਰਕੇ ਸਾਨੂੰ ਕੇਵਲ ਇੱਕ ਖਾਦ 'ਤੇ ਹੀ ਨਿਰਭਰ ਨਾ ਰਹਿ ਕੇ, ਹੋਰ ਬਦਲਵੇਂ ਸਰੋਤਾਂ ਤੋਂ ਵੀ ਫਾਸਫੋਰਸ ਦੀ ਪੂਰਤੀ ਕਰ ਲੈਣੀ ਚਾਹੀਦੀ ਹੈ।ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਟੀਮਾਂ ਬਣਾ ਕੇ ਖਾਦ ਵਿਕ੍ਰੇਤਾਵਾਂ ਦੀਆਂ ਦੁਕਾਨਾਂ ਦੀ ਨਿਰੰਤਰ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕਿਸਾਨਾਂ ਨਾਲ ਕਿਸੇ ਕਿਸਮ ਦਾ ਧੋਖਾ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਡੀ.ਏ.ਪੀ. ਦੀ ਕਾਲਾ ਬਾਜ਼ਾਰੀ ਕਿਸੇ ਵੀ ਰੂਪ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਕਿਸਾਨਾਂ ਨੂੰ ਗਲਤ ਖਾਦਾਂ ਦੇਣ ਵਾਲੇ ਖਾਦ ਵਿਕ੍ਰੇਤਾਵਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।