ਸ੍ਰੀ ਫ਼ਤਹਿਗੜ੍ਹ ਸਾਹਿਬ/12 ਨਵੰਬਰ:
(ਰਵਿੰਦਰ ਸਿੰਘ ਢੀਂਡਸਾ)
ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਦੀਆਂ ਹਦਾਇਤਾਂ ਅਨੁਸਾਰ ਸਹਿਕਾਰਤਾ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਲੋੜੀਂਦੀ ਡੀ.ਏ.ਪੀ. ਖਾਦ ਦੀ ਸਪਲਾਈ ਯਕੀਨੀ ਬਣਾਉਣ ਲਈ ਜ਼ਿਲ੍ਹੇ ਦੀਆਂ ਖੇਤੀਬਾੜੀ ਸਹਿਕਾਰੀ ਸਭਾਵਾਂ ਵਿੱਚ ਨਿਰੰਤਰ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਸਹਿਕਾਰੀ ਸਭਾਵਾਂ ਅੰਦਰ ਡੀ.ਏ.ਪੀ. ਦੀ ਕਿਸੇ ਤਰ੍ਹਾਂ ਦੀ ਵੀ ਬਲੈਕ ਮਾਰਕੀਟਿੰਗ ਅਤੇ ਜਮ੍ਹਾਂਖੋਰੀ ਨਹੀਂ ਹੋਣ ਦਿੱਤੀ ਜਾਵੇਗੀ।ਇਹ ਜਾਣਕਾਰੀ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਸ਼ੀਨਾਜ਼ ਮਿੱਤਲ ਨੇ ਖੇਤੀਬਾੜੀ ਸਹਿਕਾਰੀ ਸਭਾ ਸਰਹਿੰਦ ਤੇ ਦਿ ਸੰਗਤਪੁਰਾ ਖੇਤੀਬਾੜੀ ਸਹਿਕਾਰੀ ਸਭਾ ਵਿਖੇ ਖਾਦ ਸਟਾਕ, ਸੀ.ਆਰ.ਐਮ. ਮਸ਼ੀਨਰੀ ਅਤੇ ਸਭਾ ਦੇ ਹੋਰ ਕੰਮਾਂ ਦਾ ਨਰੀਖਣ ਕਰਨ ਮੌਕੇ ਗੱਲਬਾਤ ਕਰਦਿਆਂ ਦਿੱਤੀ।ਉਪ ਰਜਿਸਟਰਾਰ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਹਿਕਾਰੀ ਸਭਾਵਾਂ ਵਿੱਚ ਖਾਦ ਦੇ ਸਟਾਕ ਦੀ ਜਾਂਚ ਕੀਤੀ ਗਈ। ਉਪ ਰਜਿਸਟਰਾਰ ਨੇ ਦੱਸਿਆ ਕਿ ਕਣਕ ਦੀ ਬਿਜਾਈ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਸਹਿਕਾਰੀ ਸਭਾਵਾਂ ਵਿੱਚ ਉਪਲਬਧ ਡੀ.ਏ.ਪੀ. ਖਾਦ ਕਿਸਾਨਾਂ ਵਿੱਚ ਵੰਡਣ ਲਈ ਡਿਪਟੀ ਕਮਿਸ਼ਨਰ ਵੱਲੋਂ ਵਿਸ਼ੇਸ਼ ਤੌਰ 'ਤੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤਾਂ ਜੋ ਕਣਕ ਦੀ ਬਿਜਾਈ ਵਿੱਚ ਦੇਰੀ ਨਾ ਹੋਵੇ। ਉਨ੍ਹਾਂ ਸਹਿਕਾਰੀ ਸਭਾਵਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਡੀ.ਏ.ਪੀ. ਖਾਦ ਸਭਾਵਾਂ ਵਿੱਚ ਰੱਖਣ ਦੀ ਥਾਂ ਤੁਰੰਤ ਕਿਸਾਨਾਂ ਵਿੱਚ ਸਹੀ ਅਨੁਪਾਤ ਵਿੱਚ ਅਤੇ ਬਿਨਾਂ ਕਿਸੇ ਦੇਰੀ ਤੋਂ ਵੰਡਣ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਕਿਸਾਨ ਸਮੇਂ ਸਿਰ ਕਣਕ ਦੀ ਬਿਜਾਈ ਕਰ ਸਕਣ।ਉਪ ਰਜਿਸਟਰਾਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਜ਼ਿਲ੍ਹੇ ਅੰਦਰ 113 ਖੇਤੀਬਾੜੀ ਸਹਿਕਾਰੀ ਸਭਾਵਾਂ ਹਨ, ਇਨ੍ਹਾਂ ਵਿੱਚ ਲਗਾਤਾਰ ਡੀ.ਏ.ਪੀ. ਦੀ ਚੈਕਿੰਗ ਦੇ ਨਾਲ-ਨਾਲ ਕਿਸਾਨ ਮੈਂਬਰਾਂ ਨੂੰ ਡੀ.ਏ.ਪੀ. ਦੀ ਵੰਡ ਕੀਤੀ ਜਾਣੀ ਵੀ ਯਕੀਨੀ ਬਣਾਈ ਜਾ ਰਹੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਡੀ.ਏ.ਪੀ. ਦੀ ਸਪਲਾਈ ਆ ਰਹੀ ਹੈ, ਜਿਸ ਨੂੰ ਮੈਂਬਰ ਕਿਸਾਨਾਂ ਨੂੰ ਬਿਨਾਂ ਕਿਸੇ ਵਿਤਕਰੇ ਤੋਂ ਮੁਹੱਈਆ ਕਰਵਾਇਆ ਜਾ ਰਿਹਾ ਹੈ।ਸ਼ੀਨਾਜ਼ ਮਿੱਤਲ ਨੇ ਕਿਸਾਨਾਂ ਨੂੰ ਸਲਾਹ ਵੀ ਦਿੱਤੀ ਕਿ ਉਹ ਖੇਤੀਬਾੜੀ ਮਾਹਰਾਂ ਦੀ ਰਾਏ ਮੁਤਾਬਕ ਹੀ ਡੀ.ਏ.ਪੀ. ਦੀ ਵਰਤੋਂ ਆਪਣੇ ਖੇਤਾਂ ਵਿੱਚ ਕਰਨ। ਉਨ੍ਹਾਂ ਕਿਹਾ ਕਿ ਡੀ.ਏ.ਪੀ. ਦੇ ਬਦਲ ਵਜੋਂ ਕਿਸਾਨ ਐਨ.ਪੀ.ਕੇ. ਦੀ ਵੀ ਵਰਤੋਂ ਕਰ ਸਕਦੇ ਹਨ, ਜੋਕਿ ਖੇਤੀਬਾੜੀ ਸਹਿਕਾਰੀ ਸਭਾਵਾਂ ਵਿੱਚ ਵਾਧੂ ਉਪਲਬੱਧ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਇੰਸਪੈਕਟਰ ਮਨੀ ਵਰਮਾ, ਇੰਸਪੈਕਟਰ ਬੀਰਦਵਿੰਦਰ ਸਿੰਘ, ਮਨਜਿੰਦਰ ਬਰਾੜ, ਸਭਾ ਸੱਕਤਰ ਗੁਰਮੀਤ ਸਿੰਘ ਅਤੇ ਸੇਲਜ਼ਮੈਨ ਅਮਿਤ ਕੁਮਾਰ ਵੀ ਹਾਜਰ ਸਨ।