ਸ੍ਰੀ ਫਤਿਹਗੜ੍ਹ ਸਾਹਿਬ/11 ਦਸੰਬਰ:
(ਰਵਿੰਦਰ ਸਿੰਘ ਢੀਂਡਸਾ)
ਦੀਵਾਨ ਟੋਡਰ ਮੱਲ ਜੀ ਜਿਨਾਂ ਦਾ ਸਿੱਖ ਇਤਿਹਾਸ ਵਿੱਚ ਵੱਖਰਾ ਸਥਾਨ ਹੈ ਦੀ ਵਿਰਾਸਤ ਨੂੰ ਸੰਭਾਲਣ ਲਈ ਕੰਮ ਕਰ ਰਹੀ ਸੰਸਥਾ 'ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ' ਵੱਲੋਂ ਉਨਾਂ ਦੀ ਯਾਦਗਾਰ ਜਹਾਜ ਹਵੇਲੀ ਦੇ ਨਵੀਨੀਕਰਨ ਦਾ ਕੰਮ ਬੜੇ ਉਤਸ਼ਾਹ ਨਾਲ ਕੀਤਾ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾ ਰਿਹਾ ਹੈ। ਹਲਕਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਲਖਬੀਰ ਸਿੰਘ ਰਾਏ ਵੱਲੋਂ ਦੀਵਾਨ ਟੋਡਰ ਮੱਲ ਜੀ ਦੀ ਜਹਾਜ਼ ਹਵੇਲੀ ਵਿਖੇ ਦੀਵਾਨ ਟੋਡਰ ਮੱਲ ਵਿਰਾਸਤ ਫਾਊਂਡੇਸ਼ਨ ਪੰਜਾਬ ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਗਈ ਅਤੇ ਮੌਕੇ ਦਾ ਜਾਇਜ਼ਾ ਲਿਆ ਗਿਆ।
ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੀਵਾਨ ਟੋਡਰ ਮੱਲ ਜੀ ਉਹ ਸ਼ਖਸ਼ੀਅਤ ਸਨ ਜਿਨਾਂ ਨੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੇ ਸਸਕਾਰ ਲਈ ਜਗ੍ਹਾ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਖਰੀਦੀ ਸੀ, ਉਨਾਂ ਦੀ ਇਸ ਕੁਰਬਾਨੀ ਨੂੰ ਵਿਸਾਰਿਆ ਨਹੀਂ ਜਾ ਸਕਦਾ। ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਉਸ ਮਹਾਨ ਸ਼ਖਸ਼ੀਅਤ ਦਾ ਘਰ ਸਾਡੇ ਇਸ ਸ਼ਹਿਰ ਦੇ ਵਿੱਚ ਮੌਜੂਦ ਹੈ ਜਿਸ ਨੂੰ ਵਿਕਸਿਤ ਕੀਤਾ ਜਾਣਾ ਬਹੁਤ ਜਰੂਰੀ ਹੈ। ਤਾਂ ਜੋ ਅਸੀਂ ਆਪਣੀ ਅਗਲੀ ਪੀੜ੍ਹੀ ਨੂੰ ਇਸ ਬਾਰੇ ਜਾਗਰੂਕ ਕਰ ਸਕੀਏ। ਉਕਤ ਸੰਸਥਾ ਨਾਲ ਜੁੜੇ ਬਹਾਦਰ ਸਿੰਘ ਬਾਠ ਅਤੇ ਜੋਰਾ ਸਿੰਘ ਬਾਠ ਨੇ ਕਿਹਾ ਕਿ ਪੰਜਾਬ ਸਰਕਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਪੁਰਾਤਤਵ ਵਿਭਾਗ ਅਤੇ ਪੰਜਾਬ ਸਰਕਾਰ ਵੱਲੋਂ ਉਨਾਂ ਨੂੰ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਹੈ, ਪਰੰਤੂ ਉਕਤ ਕਾਰਜ ਨੂੰ ਪੂਰਾ ਕਰਨ ਦੇ ਲਈ ਉਹਨਾਂ ਨੂੰ ਹਾਲੇ ਬਹੁਤ ਸਾਰੀਆਂ ਐਨਓਸੀਜ਼ ਦੀ ਲੋੜ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਦੇ ਪੀ ਏ ਸਤੀਸ਼ ਕੁਮਾਰ, ਰਮੇਸ਼ ਕੁਮਾਰ ਸੋਨੂੰ, ਗੌਰਵ ਅਰੋੜਾ, ਰਜੇਸ਼ ਕੁਮਾਰ , ਬੰਟੀ ਸੈਣੀ ਅਤੇ ਹੋਰ ਨੌਜਵਾਨ ਆਗੂ ਵੀ ਹਾਜ਼ਰ ਸਨ।