ਕਾਬੁਲ, 19 ਦਸੰਬਰ
ਪੂਰਬੀ ਅਫਗਾਨਿਸਤਾਨ ਦੇ ਗਜ਼ਨੀ ਸੂਬੇ 'ਚ ਬੁੱਧਵਾਰ ਰਾਤ ਨੂੰ ਦੋ ਵੱਖ-ਵੱਖ ਸੜਕ ਹਾਦਸਿਆਂ 'ਚ ਘੱਟੋ-ਘੱਟ 44 ਯਾਤਰੀਆਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਅਤੇ 76 ਹੋਰ ਜ਼ਖਮੀ ਹੋ ਗਏ ਹਨ, ਇਕ ਸਥਾਨਕ ਅਧਿਕਾਰੀ ਨੇ ਵੀਰਵਾਰ ਨੂੰ ਦੱਸਿਆ।
ਸੂਚਨਾ ਅਤੇ ਸੱਭਿਆਚਾਰ ਦੇ ਸੂਬਾਈ ਨਿਰਦੇਸ਼ਕ ਮੁੱਲਾ ਹਮੀਦੁੱਲਾ ਨੇਸਰ ਨੇ ਦੱਸਿਆ ਕਿ ਇਹ ਦੁਰਘਟਨਾਵਾਂ ਰਾਜਧਾਨੀ ਕਾਬੁਲ ਨੂੰ ਦੱਖਣੀ ਕੰਧਾਰ ਸੂਬੇ ਨਾਲ ਜੋੜਨ ਵਾਲੇ ਹਾਈਵੇਅ 'ਤੇ ਗਜ਼ਨੀ ਸ਼ਹਿਰ ਦੇ ਬਾਹਰਵਾਰ ਅਤੇ ਸੂਬੇ ਦੇ ਅੰਦਾਰ ਜ਼ਿਲੇ 'ਚ ਵਾਪਰੀਆਂ।
ਨੇਸਰ ਮੁਤਾਬਕ ਸਾਰੇ ਜ਼ਖਮੀਆਂ ਨੂੰ ਇਲਾਜ ਲਈ ਸਿਹਤ ਕੇਂਦਰਾਂ 'ਚ ਭੇਜ ਦਿੱਤਾ ਗਿਆ ਹੈ ਪਰ ਜ਼ਿਆਦਾਤਰ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਸਮਾਚਾਰ ਏਜੰਸੀ ਦੀ ਰਿਪੋਰਟ ਅਨੁਸਾਰ, ਭੀੜ-ਭੜੱਕੇ ਵਾਲੀਆਂ ਸੜਕਾਂ 'ਤੇ ਲਾਪਰਵਾਹੀ ਨਾਲ ਡਰਾਈਵਿੰਗ ਕਰਨ ਅਤੇ ਖਰਾਬ ਹਾਈਵੇਅ 'ਤੇ ਟ੍ਰੈਫਿਕ ਸੰਕੇਤਾਂ ਦੀ ਘਾਟ ਕਾਰਨ ਸੜਕ ਦੁਰਘਟਨਾਵਾਂ ਯੁੱਧ-ਗ੍ਰਸਤ ਦੇਸ਼ ਵਿਚ ਮੌਤਾਂ ਦਾ ਮੁੱਖ ਕਾਰਨ ਹਨ।
ਸਮਾਚਾਰ ਏਜੰਸੀ ਨੇ ਸੂਚਨਾ ਅਤੇ ਸੰਸਕ੍ਰਿਤੀ ਦੇ ਸੂਬਾਈ ਵਿਭਾਗ ਦੁਆਰਾ ਪ੍ਰਾਪਤ ਜਾਣਕਾਰੀ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਸੋਮਵਾਰ ਨੂੰ ਦੱਖਣੀ ਅਫਗਾਨਿਸਤਾਨ ਦੇ ਹੇਲਮੰਡ ਸੂਬੇ ਵਿਚ ਇਕ ਪਰਿਵਾਰ ਨੂੰ ਲੈ ਕੇ ਜਾ ਰਿਹਾ ਇਕ ਵਾਹਨ ਖੱਡ ਵਿਚ ਡਿੱਗ ਗਿਆ, ਜਿਸ ਵਿਚ ਛੇ ਲੋਕਾਂ ਦੀ ਮੌਤ ਹੋ ਗਈ।
ਸੂਤਰ ਨੇ ਦੱਸਿਆ ਕਿ ਇਹ ਹਾਦਸਾ ਸੂਬੇ ਦੇ ਬਾਬਾਜੀ ਜ਼ਿਲੇ 'ਚ ਉਸ ਸਮੇਂ ਵਾਪਰਿਆ ਜਦੋਂ ਵਾਹਨ ਕੰਟਰੋਲ ਗੁਆ ਬੈਠਾ ਅਤੇ ਡੂੰਘੀ ਖੱਡ 'ਚ ਡਿੱਗ ਗਿਆ, ਜਿਸ 'ਚ ਔਰਤਾਂ ਅਤੇ ਬੱਚਿਆਂ ਸਮੇਤ 6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।