ਰਾਂਚੀ, 19 ਦਸੰਬਰ
ਰਾਂਚੀ ਦੇ ਇੱਕ ਨਿੱਜੀ ਸਕੂਲ ਵਿੱਚ ਨਰਸਰੀ ਦੇ ਚਾਰ ਸਾਲਾ ਬੱਚੇ ਦੇ ਜਿਨਸੀ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਪੁਲਿਸ ਨੇ ਦੋਸ਼ੀ ਕੈਬ ਡਰਾਈਵਰ ਨੂੰ ਪੋਕਸੋ ਐਕਟ ਤਹਿਤ ਗ੍ਰਿਫ਼ਤਾਰ ਕਰ ਲਿਆ ਹੈ।
ਹਾਲਾਂਕਿ, ਬੱਚੇ ਦੀ ਮਾਂ ਦਾ ਇਲਜ਼ਾਮ ਹੈ ਕਿ ਪੁਲਿਸ ਕੋਲ ਐਫਆਈਆਰ ਦਰਜ ਕਰਵਾਉਣ ਲਈ ਉਸਨੂੰ ਦੋ ਦਿਨ ਤਕ ਪਰੇਸ਼ਾਨੀ ਝੱਲਣੀ ਪਈ।
ਉਸ ਨੇ ਦੋਸ਼ ਲਾਇਆ ਕਿ ਸਕੂਲ ਪ੍ਰਬੰਧਕਾਂ ਨੇ ਵੀ ਉਸ ਦੀ ਸ਼ਿਕਾਇਤ ਦਾ ਕੋਈ ਨੋਟਿਸ ਨਹੀਂ ਲਿਆ।
ਘਟਨਾ ਰਾਂਚੀ ਦੇ ਬੀਆਈਟੀ ਮੇਸਰਾ ਚੌਕੀ ਇਲਾਕੇ ਦੀ ਹੈ। ਦੱਸਿਆ ਜਾਂਦਾ ਹੈ ਕਿ ਇਲਾਕੇ ਦੇ ਇੱਕ ਸਕੂਲ ਵਿੱਚ ਨਰਸਰੀ ਵਿੱਚ ਪੜ੍ਹਦੇ ਬੱਚੇ ਨੇ ਸਕੂਲ ਦੇ ਕੈਬ ਡਰਾਈਵਰ ਦੀ ਇਸ ਗੰਦੀ ਹਰਕਤ ਬਾਰੇ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਦਿੱਤੀ।
ਉਸ ਦੀ ਮਾਂ ਨੇ ਇਸ ਦੀ ਸ਼ਿਕਾਇਤ ਸਕੂਲ ਦੇ ਪ੍ਰਿੰਸੀਪਲ ਨੂੰ ਕੀਤੀ ਪਰ ਉਸ ਨੇ ਕਥਿਤ ਤੌਰ ’ਤੇ ਕੋਈ ਕਾਰਵਾਈ ਨਹੀਂ ਕੀਤੀ।
ਇਸ ਤੋਂ ਬਾਅਦ ਉਹ ਸ਼ਿਕਾਇਤ ਦਰਜ ਕਰਵਾਉਣ ਲਈ ਬੀਆਈਟੀ ਮੇਸਰਾ ਚੌਕੀ ਪਹੁੰਚੀ।
ਬੱਚੇ ਦੀ ਮਾਂ ਦਾ ਕਹਿਣਾ ਹੈ ਕਿ ਇੱਥੇ ਵੀ ਉਸ ਨੂੰ ਦੋ ਦਿਨ ਇੱਧਰ-ਉੱਧਰ ਭੱਜਣਾ ਪਿਆ। ਪੁਲੀਸ ਚੌਕੀ ਵਿੱਚ ਉਸ ਦੇ ਬੱਚੇ ਦੇ ਕਈ ਵਾਰ ਬਿਆਨ ਲਏ ਗਏ।
ਪੁਲੀਸ ਨੇ ਐਫਆਈਆਰ ਤਾਂ ਦਰਜ ਕਰ ਲਈ, ਪਰ ਸਕੂਲ ਪ੍ਰਬੰਧਕਾਂ ’ਤੇ ਲਾਪ੍ਰਵਾਹੀ ਦੇ ਦੋਸ਼ਾਂ ’ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।
ਉਸ ਨੇ ਦੋਸ਼ ਲਾਇਆ ਕਿ ਪੁਲੀਸ ਨੇ ਸਕੂਲ ਪ੍ਰਬੰਧਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ।
ਝਾਰਖੰਡ ਰਾਜ ਬਾਲ ਸੁਰੱਖਿਆ ਕਮਿਸ਼ਨ ਦੇ ਮੈਂਬਰ ਉੱਜਵਲ ਪ੍ਰਕਾਸ਼ ਤਿਵਾਰੀ ਨੇ ਕਿਹਾ ਕਿ ਇਹ ਘਟਨਾ ਕਮਿਸ਼ਨ ਦੇ ਧਿਆਨ ਵਿੱਚ ਆਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਕਮਿਸ਼ਨ ਵੱਲੋਂ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ, ਇਸ ਮਹੀਨੇ ਰਾਂਚੀ ਵਿੱਚ, ਮੁੱਖ ਮੰਤਰੀ ਹੇਮੰਤ ਸੋਰੇਨ ਨੇ ਇੱਕ ਸਕੂਲ ਦੀਆਂ ਨਾਬਾਲਗ ਵਿਦਿਆਰਥਣਾਂ ਨਾਲ ਛੇੜਛਾੜ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੂੰ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਸ ਮਗਰੋਂ ਪੁਲੀਸ ਨੇ ਮੁਲਜ਼ਮ ਫਿਰੋਜ਼ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ। ਇਸ ਮਾਮਲੇ ਵਿੱਚ ਲਾਪਰਵਾਹੀ ਦੇ ਦੋਸ਼ ਹੇਠ ਸੀਨੀਅਰ ਪੁਲੀਸ ਅਧਿਕਾਰੀਆਂ ਦੇ ਹੁਕਮਾਂ ’ਤੇ ਹੁਣ ਤੱਕ ਛੇ ਪੁਲੀਸ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਜਾ ਚੁੱਕਾ ਹੈ।