ਜੈਪੁਰ, 27 ਦਸੰਬਰ
ਇੱਥੇ ਸ਼ੁੱਕਰਵਾਰ ਨੂੰ ਬ੍ਰੇਕ ਫੇਲ ਹੋਣ ਕਾਰਨ ਕੋਚਿੰਗ ਦੇ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਬੱਸ ਦੇ ਨਿਰਮਾਣ ਅਧੀਨ ਪੁਲੀ ਨਾਲ ਟਕਰਾਉਣ ਕਾਰਨ ਇੱਕ ਕੋਚਿੰਗ ਇੰਸਟੀਚਿਊਟ ਦੇ ਇੱਕ ਅਧਿਆਪਕ ਦੀ ਮੌਤ ਹੋ ਗਈ ਜਦਕਿ ਬੱਸ ਡਰਾਈਵਰ ਸਮੇਤ 10 ਹੋਰ ਜ਼ਖ਼ਮੀ ਹੋ ਗਏ।
ਹਾਦਸੇ ਵਿੱਚ ਇੱਕ ਅਧਿਆਪਕ ਦੀ ਮੌਤ ਹੋ ਗਈ ਅਤੇ ਡਰਾਈਵਰ ਅਤੇ ਕਈ ਵਿਦਿਆਰਥੀਆਂ ਸਮੇਤ 10 ਹੋਰ ਜ਼ਖ਼ਮੀ ਹੋ ਗਏ। ਇਕ ਵਿਦਿਆਰਥੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਸ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਇਹ ਘਟਨਾ ਰਾਜਸਥਾਨ ਦੇ ਜੈਪੁਰ ਦੇ ਚੋਮੂ 'ਚ ਨੈਸ਼ਨਲ ਹਾਈਵੇਅ 52 'ਤੇ ਭੋਜਲਾਵਾ ਕੱਟ ਨੇੜੇ ਸਵੇਰੇ 9:30 ਵਜੇ ਵਾਪਰੀ। ਬੱਸ ਵਿੱਚ 30 ਵਿਦਿਆਰਥੀ ਸਵਾਰ ਸਨ ਜਦੋਂ ਇਹ ਹਾਦਸਾ ਵਾਪਰ ਗਿਆ।
ਐਸਡੀਐਮ ਦਲੀਪ ਸਿੰਘ ਰਾਠੌਰ ਦੇ ਅਨੁਸਾਰ, ਸਰਾਂਸ਼ ਕੋਚਿੰਗ ਇੰਸਟੀਚਿਊਟ ਨਾਲ ਸਬੰਧਤ ਬੱਸ ਇਟਾਵਾ ਤੋਂ ਚੋਮੂ ਜਾ ਰਹੀ ਸੀ ਜਦੋਂ ਭੋਜਲਾਵਾ ਕੱਟ ਨੇੜੇ ਇਸ ਦੀਆਂ ਬ੍ਰੇਕਾਂ ਫੇਲ੍ਹ ਹੋ ਗਈਆਂ।
ਉਨ੍ਹਾਂ ਕਿਹਾ, "ਡਰਾਈਵਰ ਨੇ ਕੰਟਰੋਲ ਗੁਆ ਦਿੱਤਾ ਅਤੇ ਗੱਡੀ ਪੁਲੀ ਨਾਲ ਟਕਰਾ ਗਈ। ਮ੍ਰਿਤਕ ਦੀ ਪਛਾਣ 39 ਸਾਲਾ ਅਧਿਆਪਕ ਆਨੰਦੀ ਲਾਲ ਸ਼ਰਮਾ ਵਜੋਂ ਹੋਈ ਹੈ, ਜਿਸ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ।"
ਚੋਮੂ ਥਾਣਾ ਇੰਚਾਰਜ ਪ੍ਰਦੀਪ ਸ਼ਰਮਾ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਭੀੜ ਇਕੱਠੀ ਹੋ ਗਈ ਅਤੇ ਪੁਲਸ ਤੁਰੰਤ ਮੌਕੇ 'ਤੇ ਪਹੁੰਚ ਗਈ।