ਚੰਡੀਗੜ੍ਹ, 17 ਜਨਵਰੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਕਰੋਲ ਬਾਗ ਵਿੱਚ ਇੱਕ ਵੱਡਾ ਰੋਡ ਸ਼ੋਅ ਕੀਤਾ। ਮਾਨ ਨੇ ਲੋਕਾਂ ਨੂੰ 'ਆਪ' ਉਮੀਦਵਾਰ ਨੂੰ ਜਿੱਤਾਉਣ ਦੀ ਅਪੀਲ ਕੀਤੀ ਅਤੇ ਦਾਅਵਾ ਕੀਤਾ ਕਿ 5 ਫਰਵਰੀ ਨੂੰ ਇਕ ਵਾਰ ਫਿਰ ਦਿੱਲੀ 'ਚ ਝਾੜੂ ਚਲੇਗਾ ਅਤੇ ਆਮ ਆਦਮੀ ਪਾਰਟੀ ਭਾਰੀ ਬਹੁਮਤ ਨਾਲ ਸਰਕਾਰ ਬਣਾਏਗੀ।
ਮੁੱਖ ਮੰਤਰੀ ਮਾਨ ਇੱਥੇ ਕਰੋਲ ਬਾਗ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਿਸ਼ੇਸ ਰਵੀ ਦੀ ਨਾਮਜ਼ਦਗੀ ਮੌਕੇ ਪੁੱਜੇ ਸਨ। ਮਾਨ ਨੇ ਰੋਡ ਸ਼ੋਅ ਦੌਰਾਨ ਸਹਿਯੋਗ ਦੇਣ ਲਈ ਇਲਾਕੇ ਦੇ ਲੋਕਾਂ ਅਤੇ ਦੁਕਾਨਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇੰਨੀ ਵੱਡੀ ਗਿਣਤੀ ਵਿੱਚ ਤੁਹਾਡਾ ਆਉਣਾ ਇਸ ਗੱਲ ਦਾ ਸਬੂਤ ਹੈ ਕਿ ਵਿਸੇਸ਼ ਰਵੀ ਚੌਥੀ ਵਾਰ ਇੱਥੋਂ ਜਿੱਤਣ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਮੈਂ ਜਿੱਥੇ ਵੀ ਜਾਂਦਾ ਹਾਂ, ਲੋਕ ਹਮੇਸ਼ਾ ਕਹਿੰਦੇ ਹਨ ਕਿ ਉਹ ਕੇਜਰੀਵਾਲ ਨੂੰ ਵਾਪਸ ਲੈ ਕੇ ਆਉਣਗੇ ਕਿਉਂਕਿ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਲਈ ਬਹੁਤ ਕੁਝ ਕੀਤਾ ਹੈ। ਅੱਜ ਦਿੱਲੀ ਵਿੱਚ ਔਰਤਾਂ ਲਈ ਬੱਸ ਮੁਫ਼ਤ ਹੈ। ਬਿਜਲੀ ਅਤੇ ਪਾਣੀ ਮੁਫ਼ਤ ਹੈ। ਸਿੱਖਿਆ ਅਤੇ ਦਵਾਈ ਵੀ ਮੁਫਤ ਹੈ।
ਉਨ੍ਹਾਂ ਕਿਹਾ ਕਿ ਦੋ ਸੂਬਿਆਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਦੋਵੇਂ ਥਾਵਾਂ ’ਤੇ ਲੋਕਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ। ਅੱਜ ਪੰਜਾਬ ਵਿੱਚ 90 ਫੀਸਦੀ ਲੋਕਾਂ ਨੂੰ ਜ਼ੀਰੋ ਬਿਜਲੀ ਦਾ ਬਿੱਲ ਆਉਂਦਾ ਹੈ। ਪਿਛਲੇ ਸਾਢੇ ਤਿੰਨ ਸਾਲਾਂ ਵਿੱਚ ਅਸੀਂ 50,000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਹਨ।
ਹੁਣ ਪੰਜਾਬ ਵਿੱਚ ਮੁਹੱਲਾ ਕਲੀਨਿਕ ਅਤੇ ਹਸਪਤਾਲ ਬਣ ਰਹੇ ਹਨ। ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕੀਤੀ ਜਾ ਰਹੀ ਹੈ। ਸਕੂਲ ਸ਼ਾਨਦਾਰ ਬਣ ਗਏ ਹਨ। ਮਾਪਿਆਂ ਨੇ 2.5 ਲੱਖ ਤੋਂ ਵੱਧ ਬੱਚੇ ਪ੍ਰਾਈਵੇਟ ਸਕੂਲਾਂ ਵਿੱਚੋਂ ਕੱਢ ਕੇ ਸਰਕਾਰੀ ਸਕੂਲਾਂ ਵਿੱਚ ਪਾ ਦਿੱਤੇ ਹਨ ਕਿਉਂਕਿ ਉਨ੍ਹਾਂ ਦਾ ਹੁਣ ਸਰਕਾਰੀ ਸਕੂਲਾਂ ਵਿੱਚ ਵਿਸ਼ਵਾਸ ਕਾਇਮ ਹੋ ਗਿਆ ਹੈ।
ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਰੀ ਬਹੁਮਤ ਨਾਲ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਤਾਂ ਜੋ ਵਿਕਾਸ ਕਾਰਜ ਇਸੇ ਤਰ੍ਹਾਂ ਚੱਲਦੇ ਰਹਿਣ। ਉਨ੍ਹਾਂ ਕਿਹਾ ਕਿ ਦਿੱਲੀ ਦਾ ਵਿਕਾਸ ਅਰਵਿੰਦ ਕੇਜਰੀਵਾਲ ਹੀ ਕਰ ਸਕਦਾ ਹੈ। ਵਿਰੋਧੀ ਪਾਰਟੀਆਂ ਤਾਂ ਸਿਰਫ ਭ੍ਰਿਸ਼ਟਾਚਾਰ ਕਰਨਗੀਆਂ। ਕੇਜਰੀਵਾਲ ਕੰਮ ਦੀ ਰਾਜਨੀਤੀ ਕਰਦਾ ਹੈ।