ਸ੍ਰੀ ਫ਼ਤਹਿਗੜ੍ਹ ਸਾਹਿਬ/8 ਮਾਰਚ:
(ਰਵਿੰਦਰ ਸਿੰਘ ਢੀਂਡਸਾ)
ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਸਰਹਿੰਦ ਸ਼ੇਰ ਸਿੰਘ ਨੇ ਆਪਣੇ ਪਾਰਟੀ ਦੇ ਮੀਤ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਦੇ ਨਾਲ-ਨਾਲ ਪਾਰਟੀ ਦੀ ਮੁਢਲੀ ਮੈਬਰਸ਼ਿਪ ਵੀ ਛੱਡ ਦਿੱਤੀ ਹੈ।ਇਸ ਸਬੰਧੀ ਦੇਸ਼ ਸੇਵਕ ਨਾਲ ਟੈਲੀਫੋਨ ਤੇ ਗੱਲਬਾਤ ਕਰਦਿਆਂ ਸ਼ੇਰ ਸਿੰਘ ਨੇ ਕਿਹਾ ਕਿ ਉਹ ਅਕਾਲ ਤਖ਼ਤ ਤੋਂ ਭਗੋੜਿਆ ਵਾਲੀ ਕਤਾਰ ਵਿੱਚ ਨਹੀ ਖੜ ਸਕਦੇ ਅਤੇ ਆਪਣੀ ਜ਼ਮੀਰ ਦੀ ਅਵਾਜ਼ ਸੁਣ ਕੇ ਉਹ ਅਸਤੀਫਾ ਦੇ ਰਹੇ ਹਨ । ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ 2 ਦਸੰਬਰ ਦੇ ਆਦੇਸ਼ ਤੋਂ ਭਗੋੜਾ ਹੋ ਕੇ ਅਕਾਲੀ ਦਲ ਸਿਰਫ ਇੱਕ ਵਿਅਕਤੀ ਵਿਸ਼ੇਸ਼ ਨੂੰ ਬਚਾਉਣ ਵਿੱਚ ਲੱਗਿਆ ਹੋਇਆ ਹੈ, ਇਸ ਨਾਲ ਗੁਰੂ ਸਾਹਿਬਾਨ ਵੱਲੋ ਸਿਰਜੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤ ਨੂੰ ਢਾਹ ਲੱਗ ਰਹੀ ਹੈ ਜੋ ਕਿ ਅਸਹਿਣ ਯੋਗ ਹੈ । ਉਨ੍ਹਾਂ ਕਿਹਾ ਕਿ 7 ਮਾਰਚ 2025 ਨੂੰ ਜਿਸ ਤਰੀਕੇ ਨਾਲ ਬੇ-ਬੁਨਿਆਦ ਦਲੀਲਾਂ ਦੇ ਕੇ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਨੂੰ ਅਹੁਦੇ ਤੋਂ ਲਾਹਿਆ ਗਿਆ ਹੈ ਉਸ ਨਾਲ ਵੀ ਸਮੁੱਚੀ ਸਿੰਘ ਕੌਮ ਵਿੱਚ ਰੋਹ ਪੈਦਾ ਹੋ ਗਿਆ ਹੈ ਅਤੇ ਇਹ ਦਿਨ ਇਤਿਹਾਸ ਵਿੱਚ ਕਾਲੇ ਅੱਖਰਾਂ ਨਾਲ ਲਿਖਿਆ ਜਾਵੇਗਾ। ਜਿਹੜੀ ਪਾਰਟੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬਣਾਇਆ ਗਿਆ ਸੀ ਅੱਜ ਉਹ ਹੀ ਪਾਰਟੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਮੰਨਣ ਤੇ ਭੱਜਦੀ ਹੋਈ ਤਖ਼ਤ ਸਾਹਿਬ ਦੇ ਸਿਧਾਤਾਂ ਨਾਲ ਟਕਰਾ ਰਹੀ ਹੈ, ਜੋ ਕਿ ਬਹੁਤ ਸ਼ਰਮਨਾਕ ਅਤੇ ਨਿੰਦਣਯੋਗ ਹੈ।