ਸ੍ਰੀ ਫ਼ਤਹਿਗੜ੍ਹ ਸਾਹਿਬ/10 ਮਾਰਚ:
(ਰਵਿੰਦਰ ਸਿੰਘ ਢੀਂਡਸਾ)
ਜ਼ਿਲ੍ਹਾ ਲਿਖਾਰੀ ਸਭਾ (ਰਜਿ) ਫ਼ਤਹਿਗੜ੍ਹ ਸਾਹਿਬ ਨੇ ਮਾਸਕ ਇਕੱਤਰਤਾ ਮੌਕੇ ਮਹਿਲਾ ਦਿਵਸ ਨੂੰ ਸਮਰਪਿਤ ਭਾਸ਼ਣ ਤੇ ਕਵੀ ਦਰਬਾਰ ਕਰਵਾਇਆ ਗਿਆ।ਇਹ ਸਮਾਗਮ ਸਭਾ ਦੀ ਪ੍ਰਧਾਨ ਪਰਮਜੀਤ ਕੌਰ ਸਰਹਿੰਦ ਦੀ ਅਗਵਾਈ ਵਿੱਚ ਹੋਇਆ। ਉੱਘੇ ਸ਼ਾਇਰ ਤੇ ਚਿੰਤਕ ਲਛਮਣ ਸਿੰਘ ਤਰੌੜਾ ਤੇ ਗੀਤਕਾਰ ਹਰਜਿੰਦਰ ਸਿੰਘ ਗੋਪਾਲੋਂ ਵੀ ਮੰਚ 'ਤੇ ਬਿਰਾਜਮਾਨ ਰਹੇ। ਜਨਰਲ ਸਕੱਤਰ ਗੋਪਾਲੋਂ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਵੀ ਬਾਖੂਬੀ ਨਿਭਾਈ।ਸਭਾ ਨਾਲ ਨਵੇਂ ਜੁੜੇ ਨੌਜਵਾਨ ਸ਼ਾਇਰਾਂ ਨੇ ਔਰਤ ਨਾਲ ਸਬੰਧਤ ਭਾਵਪੂਰਤ ਤੇ ਖ਼ੂਬਸੂਰਤ ਨਜ਼ਮਾਂ ਨਾਲ ਸਰੋਤਿਆਂ ਨੂੰ ਭਾਵੁਕ ਕਰ ਦਿੱਤਾ। ਗੁਰਪ੍ਰੀਤ ਬਰਗਾੜੀ ਨੇ ਸਵਾਲ ਵਰਗੀ ਰਚਨਾ ਪੜ੍ਹੀ ਕਿ "ਹੁਣ ਤੂੰ ਹੀ ਦੱਸ ਕੀ ਇਹ ਪਾਪ ਨਹੀਂ ਜਦ ਸ਼ਬਦਾਂ ਦਾ ਗਰਭਪਾਤ ਹੁੰਦਾ ਹੈ?" ਮਨਦੀਪ ਕੁਮਾਰ ਨੇ ਕਾਵਿ ਰੂਪ ਵਿੱਚ ਕਿਹਾ ਕਿ ਔਰਤ ਦੀ ਸਾਰੀ ਜ਼ਿੰਦਗੀ ਤਿੰਨ ਪ ਅੱਖਰਾਂ ਪਿਓ,ਪਤੀ ਤੇ ਪੁੱਤਰ ਦੇ ਗਿਰਦ ਹੀ ਘੁੰਮਦੀ ਰਹਿ ਜਾਂਦੀ ਹੈ। ਮਨਦੀਪ ਲੋਟੇ ਨੇ ਵੀ ਹਾਜ਼ਰੀ ਭਰੀ। ਸੁਖਵੰਤ ਸਿੰਘ ਭੱਟੀ ਨੇ ਗੀਤ "ਬੀਬੀ ਚੱਲੀ ਸਾਧ ਦੇ ਡੇਰੇ" ਸੁਣਾ ਕੇ ਪਖੰਡੀ ਸਾਧਾਂ ਦਾ ਸੱਚ ਪੇਸ਼ ਕੀਤਾ। ਬੀਬਾ ਜਸ਼ਨ ਮੱਟੂ ਨੇ ਕਿਹਾ ਕਿ ਮਹਿਲਾ ਦਿਵਸ ਮੌਕੇ ਔਰਤ ਦੀ ਆਜ਼ਾਦੀ ਦੀ ਗੱਲ ਹਰ ਸਮਾਗਮ ਵਿੱਚ ਕੀਤੀ ਜਾਂਦੀ ਹੈ ਪਰ ਕੀ ਅਸਲੀਅਤ ਵਿੱਚ ਸਾਨੂੰ ਆਜ਼ਾਦੀ ਜਾਂ ਆਪਣੇ ਬਣਦੇ ਹੱਕ ਮਿਲੇ ਹਨ? ਭਾਈ ਰਣਜੀਤ ਸਿੰਘ ਨੇ "ਚੰਗੀ ਕਿਸਮਤ ਦੇ ਨਾਲ ਮਿਲਦੀਆਂ ਧੀਆਂ ਭੈਣਾਂ ਮਾਵਾਂ" ਕਵਿਤਾ ਪੜ੍ਹੀ।ਪ੍ਰੋ. ਸਾਧੂ ਸਿੰਘ ਪਨਾਗ ਨੇ "ਮੁਕਦੀਆਂ ਜਾਂਦੀਆਂ ਧੀਆਂ" ਤੇ ਬਲਤੇਜ ਸਿੰਘ ਬਠਿੰਡਾ ਨੇ ਮਹਿਲਾ ਦਿਵਸ 'ਤੇ ਮਹਾਨ ਸ਼ਹੀਦ ਮਾਤਾ ਗੁਜਰੀ ਜੀ ਨੂੰ ਕਵਿਤਾ ਨਾਲ ਸਿਜਦਾ ਕੀਤਾ। ਲਛਮਣ ਸਿੰਘ ਤਰੌੜਾ ਨੇ ਗਹਿਰ ਗੰਭੀਰ ਰਚਨਾ ਉਨ੍ਹਾਂ ਔਰਤਾਂ ਲਈ ਖੁੱਲ੍ਹੀ ਕਵਿਤਾ ਪੜ੍ਹੀ ਜਿਨ੍ਹਾਂ ਦੇ ਨਸੀਬ ਵਿੱਚ ਘਰ-ਕੋਠੀਆਂ ਨਹੀਂ ਮਜਬੂਰੀਆਂ "ਕੋਠੇ" ਲਿਖ ਦਿੰਦੀਆਂ ਹਨ। ਮੂਲ ਰੂਪ ਵਿੱਚ ਸਮਰੱਥ ਗ਼ਜ਼ਲਗੋ ਅਵਤਾਰ ਸਿੰਘ ਪੁਆਰ ਨੇ ਗੀਤ ਪੇਸ਼ ਕੀਤਾ ਜਿਸ ਵਿੱਚ ਧੀਆਂ ਲਈ ਵਿੱਦਿਆ ਦਾ ਮਹੱਤਵ ਦੱਸਿਆ। ਗੀਤ ਦੇ ਬੋਲ ਹਨ "ਹੁਣ ਹੋਰ ਕੰਮ ਨਾ ਕਰਾਈਂ ਮੇਰੀ ਅੰਮੀਏਂ, ਪੇਪਰਾਂ ਦੇ ਦਿਨ ਨੇੜੇ ਆਏ ਮੇਰੀ ਅੰਮੀਏਂ।" ਪ੍ਰਿੰਸੀਪਲ ਡਾ. ਸੁਖਵਿੰਦਰ ਸਿੰਘ ਢਿੱਲੋਂ ਨੇ ਸਾਰਿਆਂ ਨੂੰ ਔਰਤ ਦਾ ਸਤਿਕਾਰ ਕਰਨ ਦਾ ਸੰਦੇਸ਼ ਦਿੱਤਾ ਅਤੇ ਕਿਹਾ ਕਿ ਜੇਕਰ ਸਾਡੇ ਵਿੱਛੜੇ ਸਾਥੀ ਸ. ਊਧਮ ਸਿੰਘ ਮੈਨੇਜਰ ਸਾਡੀ ਸਭਾ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਸਰਹਿੰਦ ਦਾ ਸਾਹਿਤਕ ਤੇ ਘਰੇਲੂ ਕਾਰਜਾਂ ਵਿੱਚ ਸਾਥ ਨਾ ਦਿੰਦੇ ਤਾਂ ਉਹ ਸ਼ਾਇਦ ਹੀ ਇਸ ਮੁਕਾਮ ਉੱਤੇ ਪੁੱਜਦੇ ਜਿਸ ਉੱਤੇ ਉਹ ਸਾਡੇ ਸਾਹਮਣੇ ਹਨ। ਡਾ. ਢਿੱਲੋਂ ਨੇ ਸ. ਊਧਮ ਸਿੰਘ ਮੈਨੇਜਰ ਯਾਦਗਾਰੀ ਸਨਮਾਨ ਸ਼ੁਰੂ ਕਰਨ ਦਾ ਐਲਾਨ ਉਨ੍ਹਾਂ ਦੀ ਇਸੇ ਹਫਤੇ ਹੋਈ ਬਰਸੀ ਮੌਕੇ ਕੀਤਾ ਸੀ ਇਸ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਅੰਤ ਵਿੱਚ ਪਰਮਜੀਤ ਕੌਰ ਸਰਹਿੰਦ ਨੇ ਪੜ੍ਹੀਆਂ ਰਚਨਾਵਾਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਬਾਰੇ ਪੁਖ਼ਤਾ ਜਾਣਕਾਰੀ ਦਿੱਤੀ ਕਿ ਇਹ ਅਮਰੀਕਾ ਦੇ ਨਿਊਯਾਰਕ ਸ਼ਹਿਰ ਦੀ ਇੱਕ ਕੱਪੜਾ ਮਿੱਲ ਵਿੱਚ ਮਜ਼ਦੂਰ ਔਰਤਾਂ ਦੇ ਆਪਣੇ ਹੱਕਾਂ ਲਈ ਕੀਤੇ ਸੰਘਰਸ਼ ਦੀ ਬਦੌਲਤ ਹੋਂਦ ਵਿੱਚ ਆਇਆ ਤੇ ਜਰਮਨ ਦੀ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਦੀ ਲੀਡਰ ਕਲਾਰਾ ਜੈ਼ਟਕਿਨ ਨੇ ਇਹ ਦਿਵਸ ਮਨਾਉਣ ਦਾ ਸੁਝਾਅ ਦਿੱਤਾ।ਪਰਮਜੀਤ ਕੌਰ ਸਰਹਿੰਦ ਨੇ ਕਿਹਾ ਕਿ ਔਰਤ ਦੀ ਦਸ਼ਾ ਵਿੱਚ ਸੁਧਾਰ ਹੋਇਆ ਹੈ ਪਰ ਅਜੇ ਹੋਰ ਸੁਧਾਰ ਦੀ ਲੋੜ ਹੈ। ਉਨ੍ਹਾਂ ਇਹ ਵੀ ਕਿਹਾ ਜਿੱਥੇ ਅੱਜ ਔਰਤ ਆਪਣੇ ਹੱਕਾਂ ਲਈ ਜਾਗਰੂਕ ਹੈ ਉੱਥੇ ਉਹ ਆਪਣੇ ਫ਼ਰਜ਼ਾਂ ਪ੍ਰਤੀ ਵੀ ਸੁਚੇਤ ਹੋਵੇ ਤਾਂ ਜੋ ਸੋਹਣੇ ਸੰਸਾਰ ਦੀ ਸਿਰਜਣਾ ਹੋ ਸਕੇ। ਸਭਾ ਦੇ ਪ੍ਰੈੱਸ ਸਕੱਤਰ ਅਮਰਬੀਰ ਸਿੰਘ ਚੀਮਾ ਸਿਹਤ ਨਾਸਾਜ਼ ਹੋਣ ਕਾਰਨ ਹਾਜ਼ਰ ਨਹੀਂ ਹੋ ਸਕੇ। ਇਸ ਮੌਕੇ ਸਭਾ ਦੇ ਮੀਤ ਪ੍ਰਧਾਨ ਬਲਤੇਜ ਸਿੰਘ ਬਠਿੰਡਾ ਦੇ ਹੁਣੇ ਛਪੇ ਕਾਵਿ-ਸੰਗ੍ਰਹਿ " ਇਬਾਦਤ ਤੋਂ ਸ਼ਹਾਦਤ ਤੱਕ" ਅਗਲੇ ਮਹੀਨੇ ਦੀ ਇਕਤ੍ਰਤਾ ਵਿੱਚ ਲੋਕ ਅਰਪਣ ਕਰਨ ਦੀ ਜਾਣਕਾਰੀ ਦਿੱਤੀ ਤੇ ਲੇਖਕ ਨੂੰ ਵਧਾਈ ਦਿੱਤੀ।ਉਨ੍ਹਾਂ ਆਏ ਲੇਖਕਾਂ-ਸਰੋਤਿਆਂ ਦਾ ਧੰਨਵਾਦ ਕੀਤਾ ਅਤੇ ਸਭਾ ਨਾਲ ਜੁੜੇ ਰਹਿਣ ਲਈ ਪ੍ਰੇਰਿਆ। ਭਾਈ ਰਣਜੀਤ ਸਿੰਘ ਨੇ ਆਪਣੀ ਪੁੱਤਰੀ ਦੀ ਸ਼ਾਦੀ ਤੇ ਆਪਣੀ ਸੇਵਾਮੁਕਤੀ ਦੀ ਖੁਸ਼ੀ ਸਾਂਝੀ ਕਰਦਿਆਂ ਆਏ ਮਹਿਮਾਨਾਂ ਨੂੰ ਚਾਹ ਤੇ ਮਠਿਆਈ ਪੇਸ਼ ਕੀਤੀ।