ਸ੍ਰੀ ਫ਼ਤਹਿਗੜ੍ਹ ਸਾਹਿਬ/ 10 ਮਾਰਚ:
(ਰਵਿੰਦਰ ਸਿੰਘ ਢੀਂਡਸਾ)
ਮਾਤਾ ਗੁਜਰੀ ਕਾਲਜ ਦੀ ਇੰਗਲਿਸ਼ ਲਿਟਰੇਰੀ ਸੋਸਾਇਟੀ ਵੱਲੋਂ ਕਾਲਜ ਦੇ ਅੰਗਰੇਜ਼ੀ ਵਿਭਾਗ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਇਸ ਮੌਕੇ ਵਿਭਾਗ ਦੀਆਂ ਵਿਦਿਆਰਥਣਾਂ ਨਾਲ ਵਿਸ਼ੇਸ਼ ਇੰਟਰੈਕਟਿਵ ਸੈਸ਼ਨ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਕੁੱਲ 60 ਵਿਦਿਆਰਥਣਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਸੈਸ਼ਨ ਦਾ ਮੁੱਖ ਉਦੇਸ਼ ਜਿੱਥੇ ਵਿਦਿਆਰਥਣਾਂ ਨੂੰ ਲਿੰਗ ਸਮਾਨਤਾ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਸੀ ਉਥੇ ਨਾਲ ਹੀ ਉਨ੍ਹਾਂ ਨੂੰ ਆਪਣੇ ਆਲੇ-ਦੁਆਲੇ ਦੀਆਂ ਔਰਤਾਂ ਨੂੰ ਸਸ਼ਕਤ ਬਣਾਉਣ ਲਈ ਵੀ ਪ੍ਰੇਰਿਤ ਕਰਨਾ ਸੀ।ਕਾਲਜ ਦੇ ਵਾਈਸ ਪ੍ਰਿੰਸੀਪਲ ਅਤੇ ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਹਰਵੀਨ ਕੌਰ ਨੇ ਇੰਗਲਿਸ਼ ਲਿਟਰੇਰੀ ਸੋਸਾਇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਅਤੇ ਮਹਿਲਾ ਸਸ਼ਕਤੀਕਰਨ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਵਿਦਿਆਰਥਣਾਂ ਨੂੰ 21ਵੀਂ ਸਦੀ ਵਿੱਚ ਔਰਤਾਂ ਦੀਆਂ ਬਦਲਦੀਆਂ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਬਾਰੇ ਵਿਸਥਾਰ ਨਾਲ ਦੱਸਿਆ। ਇੰਗਲਿਸ਼ ਲਿਟਰੇਰੀ ਸੋਸਾਇਟੀ ਦੇ ਕਨਵੀਨਰ ਡਾ. ਮਨਿੰਦਰ ਕੈਂਥ ਨੇ ਵਿਦਿਆਰਥਣਾਂ ਨੂੰ ਆਪਣੀ ਵਿਲੱਖਣ ਅਤੇ ਸੁਤੰਤਰ ਹੋਂਦ ਨੂੰ ਪਛਾਣਨ ਲਈ ਪ੍ਰੇਰਿਤ ਕੀਤਾ।ਵਿਦਿਆਰਥੀਆਂ ਨੇ ਇਸ ਸੈਸ਼ਨ ਵਿੱਚ ਪੂਰੀ ਸਰਗਰਮੀ ਨਾਲ ਹਿੱਸਾ ਲਿਆ ਅਤੇ ਆਪਣੇ ਮਹੱਤਵਪੂਰਨ ਵਿਚਾਰ ਤੇ ਅਨੁਭਵ ਸਾਂਝੇ ਕੀਤੇ। ਸਮਾਗਮ ਦੇ ਅਖੀਰ ਵਿੱਚ ਪ੍ਰੋ. ਰਾਜਿੰਦਰ ਕੌਰ ਮਾਨ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।