ਸ੍ਰੀ ਫ਼ਤਹਿਗੜ੍ਹ ਸਾਹਿਬ/31 ਮਾਰਚ:
(ਰਵਿੰਦਰ ਸਿੰਘ ਢੀਂਡਸਾ)
ਬਡਾਲੀ ਆਲਾ ਸਿੰਘ ਵਿਖੇ ਇੱਕ ਦੁਕਾਨ 'ਚੋਂ ਨਵੇਂ ਮੋਬਾਈਲ ਫੋਨ,ਕੈਮਰੇ ਅਤੇ ਨਕਦੀ ਆਦਿ ਸਮਾਨ ਚੋਰੀ ਕਰ ਲੈ ਜਾਣ ਦੇ ਮਾਮਲੇ 'ਚ ਲੋੜੀਂਦੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਬਡਾਲੀ ਆਲਾ ਸਿੰਘ ਪੁਲਿਸ ਵੱਲੋਂ ਚੋਰੀਸ਼ੁਦਾ ਸਮਾਨ ਬਰਾਮਦ ਕੀਤੇ ਜਾਣ ਦਾ ਸਮਾਚਾਰ ਹੈ।ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਰਾਜੀਵ ਗੁਪਤਾ ਵਾਸੀ ਰਾਜਪੁਰਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਸਦੀ ਬਡਾਲੀ ਆਲਾ ਸਿੰਘ ਦੇ ਹੰਸਾਲੀ ਰੋਡ 'ਤੇ ਸਿੰਗਲਾ ਟੀ.ਵੀ. ਸੈਂਟਰ ਨਾਮਕ ਦੁਕਾਨ ਹੈ ਜਿਸ ਵਿੱਚ ਉਹ ਮਨੀ ਟਰਾਂਸਫਰ ਅਤੇ ਨਵੇਂ ਮੋਬਾਈਲ ਵੇਚਣ ਦਾ ਕੰਮ ਕਰਦਾ ਹੈ।ਬੀਤੀ 22 ਅਤੇ 23 ਮਾਰਚ ਦੀ ਦਰਮਿਆਨੀ ਰਾਤ ਨੂੰ ਮਹਿੰਦਰਾ ਪਿੱਕਅੱਪ ਗੱਡੀ 'ਚ ਆਏ ਨਾਮਾਲੂਮ ਵਿਅਕਤੀ ਉਸਦੀ ਦੁਕਾਨ ਦੇ ਤਾਲੇ ਤੋੜ ਕੇ ਦੁਕਾਨ 'ਚੋਂ 5 ਮੋਬਾਈਲ ਫੋਨ,ਇੱਕ ਐਲ.ਈ.ਡੀ.,15 ਹਜ਼ਾਰ ਰੁਪਏ ਦੀ ਨਕਦੀ ਅਤੇ ਸੀ.ਸੀ.ਟੀ.ਵੀ. ਕੈਮਰੇ ਆਦਿ ਸਮਾਨ ਚੋਰੀ ਕਰਕੇ ਲੈ ਗਏ ਹਨ।ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਅ/ਧ 331(2),305 ਬੀ.ਐਨ.ਐਸ. ਤਹਿਤ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਤਫਤੀਸ਼ ਕਰਦੇ ਥਾਣਾ ਬਡਾਲੀ ਆਲਾ ਸਿੰਘ ਦੀ ਪੁਲਿਸ ਵੱਲੋਂ ਇਸ ਮਾਮਲੇ 'ਚ ਕੁਲਦੀਪ ਸਿੰਘ ਵਾਸੀ ਪਿੰਡ ਭਾਗੋਮਾਜਰਾ(ਮੋਹਾਲੀ) ਅਤੇ ਪ੍ਰਦੀਪ ਵਾਸੀ ਪਿੰਡ ਥਾਪਲੀ ਜ਼ਿਲਾ ਪੰਚਕੂਲਾ(ਹਰਿਆਣਾ) ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਉਕਤ ਵਿਅਕਤੀਆਂ ਦੀ ਨਿਸ਼ਾਨਦੇਹੀ 'ਤੇ ਤਿੰਨ ਮੋਬਾਈਲ ਫੋਨ,ਦੋ ਕੈਮਰੇ ਅਤੇ ਇੱਕ ਐਲ.ਈ.ਡੀ. ਬਰਾਮਦ ਹੋਣ ਦੀ ਸੂਚਨਾ ਹੈ।