ਸ੍ਰੀ ਫ਼ਤਹਿਗੜ੍ਹ ਸਾਹਿਬ/12 ਅਪ੍ਰੈਲ:
(ਰਵਿੰਦਰ ਸਿੰਘ ਢੀਂਡਸਾ)
ਦੇਸ਼ ਭਗਤ ਹਸਪਤਾਲ ਵੱਲੋਂ ਦੇਸ਼ ਭਗਤ ਯੂਨੀਵਰਸਿਟੀ ਦੇ ਅਧਿਆਪਨ ਅਤੇ ਗੈਰ-ਅਧਿਆਪਨ ਸਟਾਫ ਲਈ ਇੱਕ ਇੰਟਰਐਕਟਿਵ ਸੈਸ਼ਨ ਦਾ ਆਯੋਜਨ ਕੀਤਾ ਗਿਆ, ਜਿਸਦਾ ਉਦੇਸ਼ ਆਪਣੀਆਂ ਵਿਸ਼ੇਸ਼ ਮੈਡੀਕਲ ਸੇਵਾਵਾਂ ਨੂੰ ਉਤਸ਼ਾਹਿਤ ਕਰਨਾ ਹੈ। ਡਾ. ਕੁਲਭੂਸ਼ਣ (ਡਾਇਰੈਕਟਰ ਡੀਬੀਏਸੀ ਐਂਡ ਐਚ) ਅਤੇ ਡਾ. ਜੋਤੀ ਐਚ ਧਾਮੀ (ਮੈਡੀਕਲ ਸੁਪਰਡੈਂਟ ਡੀਬੀਐਚ) ਦੀ ਨਿਗਰਾਨੀ ਹੇਠ ਕਰਵਾਏ ਇਸ ਪ੍ਰੋਗਰਾਮ ਵਿੱਚ 35 ਸਾਲਾਂ ਤੋਂ ਵੱਧ ਦੇ ਤਜ਼ੁਰਬੇ ਵਾਲੇ ਸੀਨੀਅਰ ਮੈਡੀਸਨ ਸਪੈਸ਼ਲਿਸਟ ਡਾ. ਬੀਐਲ ਭਾਰਦਵਾਜ, ਪ੍ਰੋ ਵਾਈਸ ਚਾਂਸਲਰ ਮੈਡੀਕਲ ਅਤੇ ਈਐਨਟੀ ਸਪੈਸ਼ਲਿਸਟ ਡਾ. ਰਮਿੰਦਰ ਕੌਰ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।ਇਸ ਸੈਸ਼ਨ ਦੌਰਾਨ ਡਾ. ਭਾਰਦਵਾਜ ਨੇ ਯੂਨੀਵਰਸਿਟੀ ਦੇ ਕਰਮਚਾਰੀਆਂ ਨੂੰ ਹਸਪਤਾਲ ਦੀਆਂ ਵਿਆਪਕ ਡਾਕਟਰੀ ਸੇਵਾਵਾਂ ਅਤੇ ਬਾਹਰੀ ਮਰੀਜ਼ਾਂ ਲਈ ਵਿਸ਼ੇਸ਼ ਕਲੀਨਿਕਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਕੋਲ ਈਐਨਟੀ, ਚਮੜੀ ਦੇ ਰੋਗ, ਜਨਰਲ ਮੈਡੀਸਨ ਅਤੇ ਅੱਖਾਂ ਦੀ ਦੇਖ-ਭਾਲ ਦੇ ਵਿਭਾਗ ਵੀ ਕਾਰਜਸ਼ੀਲ ਹਨ, ਜਿਹਨਾਂ ਵੱਲੋ ਛੋਟ ਵਾਲੀਆਂ ਦਰਾਂ ’ਤੇ ਸੇਵਾਵਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ।ਇਸ ਮੌਕੇ ਉਨ੍ਹਾਂ ਮੈਡੀਸਨ, ਚਮੜੀ ਵਿਗਿਆਨ ਅਤੇ ਈਐਨਟੀ ਲਈ ਓਪੀਡੀ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਕਲੀਨਿਕਾਂ ਵਿੱਚ ਚਮੜੀ ਵਿਗਿਆਨ ਲਈ ਡਾ. ਸੁਮੀਤ ਪਾਲ ਸੈਣੀ ਅਤੇ ਈਐਨਟੀ ਲਈ ਡਾ. ਬੀਐਲ ਸੋਹਲ ਵਰਗੇ ਮਾਹਿਰਾਂ ਦੁਆਰਾ ਮਰੀਜ਼ਾਂ ਦਾ ਨਿਰੀਖਣ ਕੀਤਾ ਜਾਵੇਗਾ, ਜੋ ਹਰ ਸ਼ਨੀਵਾਰ ਉਪਲਬਧ ਹੁੰਦੇ ਹਨ, ਜਦੋਂ ਕਿ ਡਾ. ਰਮਿੰਦਰ ਕੌਰ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਡਿਊਟੀ ’ਤੇ ਹੋਣਗੇ।ਇਸ ਦੌਰਾਨ ਸਮੇਂ ਸਿਰ ਸਿਹਤ ਸੰਭਾਲ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ, ਡੀਬੀਯੂ ਦੇ ਚਾਂਸਲਰ ਡਾ. ਜ਼ੋਰਾ ਸਿੰਘ ਨੇ ਭਾਗੀਦਾਰਾਂ ਨੂੰ ਸੰਬੋਧਨ ਕਰਦੇ ਹੋਏ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਛੋਟੀਆਂ-ਮੋਟੀਆਂ ਸਿਹਤ ਸਮੱਸਿਆਵਾਂ ਨੂੰ ਵਧਣ ਤੋਂ ਰੋਕਣ ਲਈ ਨਿਯਮਿਤ ਡਾਕਟਰੀ ਸਲਾਹ-ਮਸ਼ਵਰੇ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਇਸ ਸਮਾਗਮ ਨੇ ਦੇਸ਼ ਭਗਤ ਯੂਨੀਵਰਸਿਟੀ ਦੀ ਆਪਣੇ ਭਾਈਚਾਰੇ ਲਈ ਸਿਹਤ ਪ੍ਰਤੀ ਜਾਗਰੂਕ ਵਾਤਾਵਰਣ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਨੂੰ ਉਜਾਗਰ ਕੀਤਾ ਹੈ।