ਸ੍ਰੀ ਫ਼ਤਹਿਗੜ੍ਹ ਸਾਹਿਬ/ 23 ਅਪ੍ਰੈਲ :
(ਰਵਿੰਦਰ ਸਿੰਘ ਢੀਂਡਸਾ)
ਮਾਤਾ ਗੁਜਰੀ ਕਾਲਜ ਦੇ ਪੋਸਟ ਗ੍ਰੈਜੂਏਟ ਅੰਗਰੇਜ਼ੀ ਵਿਭਾਗ ਵੱਲੋਂ 'ਕਲਾਤਮਕ ਬਿਰਤਾਂਤ: ਵਿਜ਼ੂਅਲ ਆਰਟ ਅਤੇ ਸਾਹਿਤ ਦੇ ਆਪਸੀ ਪ੍ਰਭਾਵ' ਵਿਸ਼ੇ 'ਤੇ ਗੈਸਟ ਲੈਕਚਰ ਕਰਵਾਇਆ ਗਿਆ ਜਿਸ ਵਿੱਚ ਐਮ.ਏ.ਅੰਗਰੇਜ਼ੀ, ਬੀ.ਏ. ਆਨਰਜ਼ ਅੰਗਰੇਜ਼ੀ ਅਤੇ ਬੀ.ਏ. ਅੰਗਰੇਜ਼ੀ ਸਾਹਿਤ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਖਾਲਸਾ ਕਾਲਜ ਪਟਿਆਲਾ ਦੇ ਪੋਸਟ ਗ੍ਰੈਜੂਏਟ ਅੰਗਰੇਜ਼ੀ ਅਤੇ ਵਿਦੇਸ਼ੀ ਭਾਸ਼ਾਵਾਂ ਵਿਭਾਗ ਦੇ ਮੁਖੀ ਅਤੇ ਐਸੋਸੀਏਟ ਪ੍ਰੋਫ਼ੈਸਰ ਡਾ. ਜਸਪ੍ਰੀਤ ਕੌਰ ਮੁੱਖ ਬੁਲਾਰੇ ਦੇ ਤੌਰ 'ਤੇ ਸ਼ਾਮਲ ਹੋਏ। ਉਨ੍ਹਾਂ ਦੇ ਲੈਕਚਰ ਦਾ ਵਿਸ਼ਾ 'ਕਲਾਤਮਕ ਬਿਰਤਾਂਤ: ਵਿਜ਼ੂਅਲ ਆਰਟ ਐਂਡ ਲਿਟਰੇਚਰ ਦੇ ਆਪਸੀ ਤਾਲਮੇਲ ਦੀ ਪੜਚੋਲ' ਸੀ ਜਿਸ ਵਿੱਚ ਉਨ੍ਹਾਂ ਨੇ ਪੁਨਰਜਾਗਰਨ ਕਾਲ ਦੇ ਅਮੀਰ ਸਾਹਿਤ 'ਤੇ ਰੋਸ਼ਨੀ ਪਾਉਂਦਿਆਂ ਉਸ ਸਮੇਂ ਦੀ ਵਿਸਤ੍ਰਿਤ ਕਲਾਕਾਰੀ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਨਾਮਵਰ ਚਿੱਤਰਕਾਰ ਪੀਟਰ ਬਰੂਗਲ ਦ ਐਲਡਰ ਦੁਆਰਾ ਬਣਾਈ ਗਈ ਪ੍ਰਸਿੱਧ ਪੇਂਟਿੰਗ 'ਦ ਟਾਵਰ ਆਫ਼ ਬੇਬਲ' ਸਮੇਤ ਕਈ ਗਿਆਨ ਭਰਪੂਰ ਉਦਾਹਰਣਾਂ ਪੇਸ਼ ਕੀਤੀਆਂ ਜਿਸ ਨਾਲ ਵਿਦਿਆਰਥੀਆਂ ਨੂੰ ਇਹ ਸਮਝਣ ਵਿੱਚ ਮਦਦ ਮਿਲੀ ਕਿ ਕਿਵੇਂ ਵਿਜ਼ੂਅਲ ਅਤੇ ਸਾਹਿਤਕ ਕਲਾਵਾਂ ਇੱਕ ਦੂਸਰੇ ਨੂੰ ਪ੍ਰਭਾਵਿਤ ਕਰਦੀਆਂ ਅਤੇ ਅਮੀਰ ਬਣਾਉਂਦੀਆਂ ਹਨ।ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਅੰਗਰੇਜ਼ੀ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹੋ ਜਿਹੇ ਸਿੱਖਿਆਦਾਇਕ ਲੈਕਚਰ ਵਿਦਿਆਰਥੀਆਂ ਦੇ ਵਿਹਾਰਕ ਅਤੇ ਵਿੱਦਿਅਕ ਗਿਆਨ ਵਿੱਚ ਵਾਧਾ ਕਰਦੇ ਹਨ। ਇਸ ਤੋਂ ਪਹਿਲਾਂ ਇਸ ਸਮਾਗਮ ਦੀ ਸ਼ੁਰੂਆਤ ਡਾ. ਬ੍ਰਹਮਜੋਤ ਕੌਰ ਦੁਆਰਾ ਮੁੱਖ ਬੁਲਾਰੇ ਦੇ ਨਿੱਘੇ ਸਵਾਗਤੀ ਭਾਸ਼ਣ ਨਾਲ ਹੋਈ ਜਿਸ ਮਗਰੋਂ ਉਨ੍ਹਾਂ ਨੇ ਸਾਹਿਤ ਅਧਿਐਨ ਵਿੱਚ ਅੰਤਰ-ਅਨੁਸ਼ਾਸਨੀ ਪਹੁੰਚਾਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ।ਲੈਕਚਰ ਦੀ ਸਮਾਪਤੀ ਮੌਕੇ ਡਾ. ਮਨਿੰਦਰ ਕੈਂਥ ਦੁਆਰਾ ਧੰਨਵਾਦ ਦਾ ਮਤਾ ਪੇਸ਼ ਕੀਤਾ ਗਿਆ ਜਿਸ ਵਿਚ ਉਨ੍ਹਾਂ ਨੇ ਪ੍ਰੇਰਨਾਦਾਇਕ ਲੈਕਚਰ ਲਈ ਮੁੱਖ ਬੁਲਾਰੇ ਅਤੇ ਸਰਗਰਮ ਭਾਗੀਦਾਰੀ ਲਈ ਸਭ ਵਿਦਿਆਰਥੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਅੰਗਰੇਜ਼ੀ ਵਿਭਾਗ ਦੇ ਪ੍ਰੋ. ਰਜਿੰਦਰ ਕੌਰ ਮਾਨ, ਡਾ. ਗੌਰੀ ਹਾਂਡਾ, ਪ੍ਰੋ . ਹਰਬੀਰ ਕੌਰ ਅਤੇ ਹੋਰ ਫੈਕਲਟੀ ਮੈਂਬਰ ਹਾਜ਼ਰ ਸਨ।