ਸ੍ਰੀ ਫ਼ਤਹਿਗੜ੍ਹ ਸਾਹਿਬ/ 29 ਅਪ੍ਰੈਲ:
(ਰਵਿੰਦਰ ਸਿੰਘ ਢੀਂਡਸਾ)
ਮਾਤਾ ਗੁਜਰੀ ਕਾਲਜ ਦੇ ਮਨੋਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ ਲਈ ਇੰਡਸ ਹਸਤਪਾਲ, ਫ਼ਤਹਿਗੜ੍ਹ ਸਾਹਿਬ ਦਾ ਵਿਦਿਅਕ ਦੌਰਾ ਕਰਵਾਇਆ ਗਿਆ ਜਿਸ ਵਿਚ ਵਿਭਾਗ ਦੇ ਲਗਭਗ 30 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਹਸਪਤਾਲ ਵਿਖੇ ਮਾਨਸਿਕ ਰੋਗੀਆਂ ਨੂੰ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਵੱਖ-ਵੱਖ ਸਿਹਤ ਸੇਵਾਵਾਂ ਅਤੇ ਵਿਸ਼ੇਸ਼ ਸਹੂਲਤਾਂ ਬਾਰੇ ਵਿਹਾਰਕ ਗਿਆਨ ਪ੍ਰਦਾਨ ਕਰਨਾ ਸੀ I ਇਸ ਮੌਕੇ ਉੱਘੇ ਮਨੋਚਿਕਿਤਸਕ ਡਾ. ਤਨੁਜਵੀਰ ਸਿੰਘ ਚੰਢੋਕ ਨੇ ਵਿਦਿਆਰਥੀਆਂ ਨੂੰ ਜਿੱਥੇ ਇਕ ਕਾਊਂਸਲਰ ਵਜੋਂ ਗੁੰਝਲਦਾਰ ਕੇਸਾਂ ਨਾਲ ਨਜਿੱਠਣ ਦੇ ਸਹੀ ਤਰੀਕਿਆਂ ਅਤੇ ਵੱਖ-ਵੱਖ ਮਾਪਦੰਡਾਂ ਬਾਰੇ ਜਾਗਰੂਕ ਕੀਤਾ, ਉਥੇ ਨਾਲ ਹੀ ਉਨ੍ਹਾਂ ਨੂੰ ਨਸ਼ੀਲੇ ਪਦਾਰਥਾਂ ਦੀ ਰੋਕਥਾਮ ਵਿੱਚ ਕਾਊਂਸਲਰ ਦੀ ਭੂਮਿਕਾ ਅਤੇ ਇਲਾਜ ਲਈ ਵਰਤੀਆਂ ਜਾਂਦੀਆਂ ਵੱਖ-ਵੱਖ ਥੈਰੇਪੀਆਂ ਸੰਬੰਧੀ ਜਾਣਕਾਰੀ ਵੀ ਸਾਂਝੀ ਕੀਤੀ।ਮਨੋਵਿਗਿਆਨ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਕਿਹਾ ਕਿ ਅਜਿਹੇ ਵਿਦਿਅਕ ਦੌਰੇ ਵਿਦਿਆਰਥੀਆਂ ਦੇ ਵਿੱਦਿਅਕ ਗਿਆਨ ਵਿਚ ਵਾਧਾ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਪ੍ਰੈਕਟੀਕਲ ਟਰੇਨਿੰਗ ਵਿਚ ਲਾਹੇਵੰਦ ਸਿੱਧ ਹੁੰਦੇ ਹਨ। ਮਨੋਵਿਗਿਆਨ ਵਿਭਾਗ ਦੇ ਮੁਖੀ ਡਾ. ਹਰਦੀਪ ਕੌਰ ਨੇ ਦੱਸਿਆ ਕਿ ਇਸ ਦੌਰੇ ਦੌਰਾਨ ਵਿਦਿਆਰਥੀਆਂ ਨੇ ਹਸਪਤਾਲ ਵਿਖੇ ਪ੍ਰਦਾਨ ਕੀਤੀ ਜਾਣ ਵਾਲੀ ਕਾਊਂਸਲਿੰਗ ਪ੍ਰਕਿਰਿਆ ਅਤੇ ਸਿਹਤ ਸੇਵਾਵਾਂ ਬਾਰੇ ਮਹੱਤਵਪੂਰਨ ਜਾਣਕਾਰੀ ਹਾਸਲ ਕੀਤੀ ਜਿਸ ਨੇ ਉਨ੍ਹਾਂ ਦੇ ਕਲੀਨੀਕਲ ਅਤੇ ਕਾਊਂਸਲਿੰਗ ਕੇਸਾਂ ਸਬੰਧੀ ਵਿਹਾਰਕ ਗਿਆਨ ਵਿੱਚ ਵਾਧਾ ਕੀਤਾ। ਇਸ ਮੌਕੇ ਮਨੋਵਿਗਿਆਨ ਵਿਭਾਗ ਦੇ ਪ੍ਰੋ. ਟਵਿੰਕਲ ਅਤੇ ਪ੍ਰੋ. ਕਿਰਨਜੋਤ ਕੌਰ ਵਲੋਂ ਵਿਦਿਆਰਥੀਆਂ ਦੀ ਯੋਗ ਅਗਵਾਈ ਕੀਤੀ ਗਈ।