ਸ੍ਰੀ ਫਤਹਿਗੜ੍ਹ ਸਾਹਿਬ/26 ਅਪ੍ਰੈਲ:
(ਰਵਿੰਦਰ ਸਿੰਘ ਢੀਂਡਸਾ)
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਣੀ ਭਰਤੀ ਕਮੇਟੀ ਦੇ ਮੈਬਰਾਂ ਜੱਥੇਦਾਰ ਇਕਬਾਲ ਸਿੰਘ ਝੂੰਦਾਂ ਅਤੇ ਜੱਥੇਦਾਰ ਸੰਤਾ ਸਿੰਘ ਉਮੈਦਪੁਰ ਦੀ ਅਗਵਾਈ ਹੇਠ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਇੱਕ ਭਰਵੀਂ ਮੀਟਿੰਗ ਹੋਈ। ਗੁਰਦਵਾਰਾ ਕੰਪਲੈਕਸ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸਥਿਤ ਗਿਆਨੀ ਗੁਰਮੁਖ ਸਿੰਘ ਇਕੱਤਰਤਾ ਹਾਲ ਵਿਖੇ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਜਦੋਂ ਜੱਥੇਦਾਰ ਇਕਬਾਲ ਸਿੰਘ ਝੂੰਦਾਂ, ਜੱਥੇਦਾਰ ਸੰਤਾ ਸਿੰਘ ਉਮੈਦਪੁਰ, ਕਰਨੈਲ ਸਿੰਘ ਪੰਜੋਲੀ,ਪ੍ਰੇਮ ਸਿੰਘ ਚੰਦੂਮਾਜਰਾ,ਸੁਰਜੀਤ ਸਿੰਘ ਰੱਖੜਾ ਅਤੇ ਹੋਰ ਕਈ ਆਗੂ ਜਦੋਂ ਮੀਟਿੰਗ ਹਾਲ ਵਿੱਚ ਦਾਖਲ ਹੋਣ ਲੱਗੇ ਤਾਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਮੀਟਿੰਗ ਨੂੰ ਰੋਕਣ ਲਈ ਹਾਲ ਨੂੰ ਤਾਲਾ ਜੜ ਦਿੱਤਾ ਗਿਆ ਅਤੇ ਐਂਟਰੀ ਗੇਟ ਅੱਗੇ ਟਰੈਕਟਰ ਖੜਾ ਕਰਕੇ ਦਾਖਲਾ ਬੰਦ ਕਰ ਦਿੱਤਾ ਗਿਆ।ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ ਅਤੇ ਕਈ ਹੋਰ ਆਗੂਆਂ ਦੀ ਸ਼੍ਰੋਮਣੀ ਕਮੇਟੀ ਦੇ ਇੱਕ ਅਧਿਕਾਰੀ ਨਾਲ ਇਸ ਗੱਲ ਨੂੰ ਲੈ ਕੇ ਤਕਰਾਰਬਾਜ਼ੀ ਵੀ ਹੋਈ ਜਿਸ ਦੌਰਾਨ ਉਹਨਾਂ ਵੱਲੋਂ ਦੋਸ਼ ਲਗਾਏ ਗਏ ਕਿ ਸੁਖਬੀਰ ਸਿੰਘ ਬਾਦਲ ਦੇ ਇਸ਼ਾਰੇ ਤੇ ਉਹਨਾਂ ਨੂੰ ਇਕੱਤਰਤਾ ਹਾਲ ਵਿੱਚ ਦਾਖਲ ਹੋਣ ਤੋਂ ਜਬਰੀ ਰੋਕਿਆ ਜਾ ਰਿਹਾ ਹੈ ਜਦੋਂ ਕਿ ਉਹਨਾਂ ਨੇ ਇਸ ਮੀਟਿੰਗ ਸਬੰਧੀ ਬਕਾਇਦਾ ਪ੍ਰਵਾਨਗੀ ਵੀ ਲਈ ਹੋਈ ਸੀ। ਆਗੂਆਂ ਨੇ ਦੋਸ਼ ਲਗਾਏ ਕਿ ਜਿਸ ਮੀਟਿੰਗ ਹਾਲ ਨੂੰ ਅੱਜ ਤਾਲਾ ਲਗਾਇਆ ਗਿਆ ਹੈ, ਉੱਥੇ ਸਾਰੀਆਂ ਸਿਆਸੀ ਪਾਰਟੀਆਂ ਚਾਹੇ ਅਕਾਲੀ ਦਲ ਮਾਨ ਹੋਵੇ, ਬੀਜੇਪੀ ਹੋਵੇ,ਬੀਐਸਪੀ ਹੋਵੇ, ਕਿਸਾਨ ਯੂਨੀਅਨ ਹੋਣ ਅਕਸਰ ਮੀਟਿੰਗਾਂ ਕਰਦੀਆਂ ਹਨ। ਉਪਰੋਕਤ ਤਕਰਾਰ ਤੋਂ ਬਾਅਦ ਉਕਤ ਸਾਰੇ ਆਗੂ ਗੁਰਦੁਆਰਾ ਸਾਹਿਬ ਦੇ ਮਾਤਾ ਗੁਜਰੀ ਲੰਗਰ ਦੀ ਬੇਸਮੈਂਟ ਵਿੱਚ ਚਲੇ ਗਏ ਜਿੱਥੇ ਉਨਾਂ ਲਈ ਦਰੀਆਂ ਵਿਛਾ ਕੇ ਸ਼੍ਰੋਮਣੀ ਕਮੇਟੀ ਵੱਲੋਂ ਮੀਟਿੰਗ ਦਾ ਬਦਲਵਾਂ ਪ੍ਰਬੰਧ ਕੀਤਾ ਹੋਇਆ ਸੀ। ਇਕੱਤਰਤਾ ਹਾਲ ਨੂੰ ਤਾਲਾ ਲਗਾਉਣ ਦੀ ਘਟਨਾ ਦੇ ਰੋਸ ਵਜੋਂ ਅਤੇ ਸ਼੍ਰੋਮਣੀ ਕਮੇਟੀ ਤੇ ਕਾਬਜ ਧਿਰ ਨੂੰ ਜਵਾਬ ਦੇਣ ਲਈ ਆਗੂਆਂ ਨੇ 10 ਮਈ ਨੂੰ ਪੰਜ ਮੈਂਬਰੀ ਭਰਤੀ ਕਮੇਟੀ ਦੀ ਅਗਵਾਈ ਹੇਠ ਵੱਡੀ ਮੀਟਿੰਗ ਕਰਨ ਦਾ ਐਲਾਨ ਕੀਤਾ ਅਤੇ ਹਾਜ਼ਰ ਭਰਤੀ ਕਮੇਟੀ ਮੈਬਰਾਂ ਜੱਥੇਦਾਰ ਇਕਬਾਲ ਸਿੰਘ ਝੂੰਦਾਂ ਅਤੇ ਜੱਥੇਦਾਰ ਸੰਤਾ ਸਿੰਘ ਉਮੈਦਪੁਰੀ ਤੋਂ ਮੀਟਿੰਗ ਦੌਰਾਨ ਹੀ ਸਮੇਂ ਦਾ ਐਲਾਨ ਕਰਵਾਇਆ। ਸੀਨਿਅਰ ਆਗੂ ਅਮਰਿੰਦਰ ਸਿੰਘ ਸੋਨੂੰ ਲਿਬੜਾ ਨੇ 10 ਮਈ ਦੀ ਮੀਟਿੰਗ ਲਈ 40 ਬੱਸਾਂ ਦੇ ਪ੍ਰਬੰਧ ਦਾ ਐਲਾਨ ਕਰਦਿਆਂ ਕਿਹਾ ਕਿ ਪੁਨਰ ਸੁਰਜੀਤੀ ਦੀ ਉੱਠੀ ਅਵਾਜ਼ ਨੂੰ ਤਾਲਾ ਮਾਰ ਕੇ ਦਬਾਇਆ ਨਹੀਂ ਜਾ ਸਕਦਾ ਤੇ ਉਹ ਅਕਾਲੀ ਦਲ ਦੀ ਮਜਬੂਤੀ ਲਈ ਹੋਰ ਵੀ ਨਿਠ ਕੇ ਕੰਮ ਕਰਨਗੇ। ਜੱਥੇਦਾਰ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਪਿੱਠ ਕਰੀ ਖੜੇ ਧੜੇ ਨੇ ਅੱਜ ਪੰਜ ਮੈਂਬਰੀ ਭਰਤੀ ਕਮੇਟੀ ਨੂੰ ਮਿਲ ਰਹੇ ਹੁੰਗਾਰੇ ਤੋਂ ਘਬਰਾ ਕੇ ਗੈਰ ਇਖਲਾਕੀ ਅਤੇ ਬੇਹੱਦ ਸੌੜੀ ਸੋਚ ਦੀ ਉਦਾਰਹਣ ਪੇਸ਼ ਕਰਦੇ ਗੁਰੂ ਘਰਾਂ ਦੇ ਪ੍ਰਬੰਧਾਂ ਵਿੱਚ ਵੀ ਕਬਜਾਧਾਰੀ ਰੂਪ ਵਿੱਚ ਦਖਲ ਦਿੱਤਾ ਹੈ। ਜੱਥੇਦਾਰ ਝੂੰਦਾਂ ਨੇ ਕਿਹਾ ਕਿ ਸਿੱਖ ਕੌਮ ਦੇ ਮਹਾਨ ਤਖ਼ਤ ਸਹਿਬਾਨਾਂ ਨੂੰ ਦਿੱਲੀ ਦੇ ਕਬਜੇ ਹੇਠ ਹੋਣ ਦਾ ਦੋਸ਼ ਲਗਾਉਣ ਵਾਲੇ ਭਗੌੜਾ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਸ਼ਹਿ ਤੇ ਅੱਜ ਗੁਰੂ ਘਰਾਂ ਦੀ ਜਾਇਦਾਦ ਨੂੰ ਤਾਲੇ ਲਗਾਏ ਗਏ ਹਨ। ਜੱਥੇਦਾਰ ਝੂੰਦਾਂ ਨੇ ਆਪਣੇ ਸੰਬੋਧਨ ਵਿੱਚ ਭਰਤੀ ਨੂੰ ਪੂਰੇ ਪੰਜਾਬ ਸਮੇਤ ਦੇਸ਼ ਵਿਦੇਸ਼ ਤੋਂ ਮਿਲ ਰਹੇ ਸਮਰਥਨ ਦਾ ਜਿਕਰ ਕਰਦਿਆਂ ਕਿਹਾ ਕਿ ਅੱਜ ਭਰਤੀ ਨੂੰ ਹਰ ਵਰਗ ਵੱਲੋਂ ਹੁੰਗਾਰਾ ਮਿਲ ਰਿਹਾ ਹੈ। ਨੌਜਵਾਨ ਵਰਗ ਵਿੱਚ ਭਰਤੀ ਨੂੰ ਲੈ ਕੇ ਪੈਦਾ ਹੋਏ ਉਤਸ਼ਾਹ ਨੇ ਮੋਹਰ ਲਗਾਈ ਹੈ ਕਿ ਪੰਥ ਪ੍ਰਸਤ ਅਤੇ ਪੰਜਾਬ ਪ੍ਰਸਤ ਲੋਕ ਆਪਣੀ ਖੇਤਰੀ ਪਾਰਟੀ ਨੂੰ ਪੂਰਨ ਸਮਰਪਿਤ ਲੀਡਰਸ਼ਿਪ ਹੱਥ ਦੇਣ ਲਈ ਮਨ ਬਣਾ ਚੁੱਕੇ ਹਨ।ਸੰਤਾ ਸਿੰਘ ਉਮੈਦਪੁਰ ਨੇ ਆਪਣੇ ਸੰਬੋਧਨ ਵਿੱਚ ਜਿੱਥੇ ਸਭ ਤੋਂ ਪਹਿਲਾਂ ਇੱਕ ਧਿਰ ਵੱਲੋ ਗੁਰੂ ਘਰਾਂ ਦੇ ਪ੍ਰਬੰਧਾਂ ਵਿੱਚ ਕਬਜ਼ਾਧਾਰੀ ਦਖਲ ਦੀ ਨਿੰਦਾ ਕੀਤੀ ਉੱਥੇ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੂੰ ਅੱਜ ਵਾਪਰੀ ਘਟਨਾ ਤੇ ਸਖ਼ਤ ਨੋਟਿਸ ਲੈਣ ਦੀ ਬੇਨਤੀ ਵੀ ਕੀਤੀ। ਜੱਥੇਦਾਰ ਉਮੈਦਪੁਰੀ ਨੇ ਕਿਹਾ ਕਿ ਸਿੱਖ ਕੌਮ ਵਿੱਚ ਵੰਡੀਆਂ ਪਾਉਣ ਦੀ ਜਿਹੜੀ ਪਿਰਤ ਸ਼ਹੀਦਾਂ ਦੀ ਧਰਤੀ ਤੋਂ ਪਾਈ ਗਈ ਹੈ ਉਸ ਨੇ ਸਮੁੱਚੀ ਸਿੱਖ ਸੰਗਤ ਦੇ ਦਿਲ ਤੇ ਡੂੰਘੀ ਸੱਟ ਮਾਰੀ ਹੈ। ਸ਼ਹੀਦਾਂ ਦੀ ਧਰਤੀ ਸਿੱਖ ਕੌਮ ਦਾ ਅਨਮੋਲ ਖਜਾਨਾ ਸਾਂਭੀ ਬੈਠੀ ਹੈ ਪਰ ਤਾਲੇ ਲਗਾਉਣ ਵਾਲੀ ਘਟਨਾ ਨੇ ਸਾਬਿਤ ਕਰ ਦਿੱਤਾ ਹੈ ਕਿ ਕੁਝ ਲੋਕ ਨਾ ਸਿਰਫ ਸਿਧਾਂਤਾ ਤੋਂ ਦੂਰ ਹੋ ਚੁੱਕੀ ਹੈ ਸਗੋ ਇਖਲਾਕ ਤੌਰ ਤੇ ਡਿੱਗ ਚੁੱਕੀ ਹੈ।ਜੱਥੇਦਾਰ ਉਮੈਦਪੁਰੀ ਨੇ ਕਿਹਾ ਕਿ ਅੱਜ ਲੋਕ ਆਪ ਮੁਹਾਰੇ ਭਰਤੀ ਕਾਪੀਆਂ ਲਿਜਾ ਰਹੇ ਹਨ। ਸਿਰਫ ਮਿਸਡ ਕਾਲ ਤੇ ਹੀ ਹਜ਼ਾਰਾਂ ਕਾਪੀਆਂ ਵੰਡੀਆਂ ਜਾ ਚੁੱਕੀਆਂ ਹਨ। ਭਰਤੀ ਕਮੇਟੀ ਨੂੰ ਮਿਲ ਰਿਹਾ ਹੁਗਾਰਾ ਚੜਦੀ ਕਲ੍ਹਾ ਦਾ ਸੰਕੇਤ ਹੈ।ਇਸ ਮੌਕੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਜਿਥੇ ਅਕਾਲੀ ਵਰਕਰਾਂ ਨੂੰ ਵੱਧ ਤੋਂ ਵੱਧ ਇਕੱਠੇ ਹੋਕੇ ਡਟਣ ਲਈ ਪ੍ਰੇਰਿਆ ਉਥੇ ਹੀ ਮੀਟਿੰਗ ਹਾਲ ਨੂੰ ਤਾਲਾ ਲਗਾਉਣਾ ਵਾਲੀ ਘਟਨਾ ਨੂੰ ਬੇਹੱਦ ਮੰਦਭਾਗਾ ਕਰਾਰ ਦਿੱਤਾ।
ਸਾਬਕਾ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅੱਜ ਸਮਾਂ ਆ ਚੁੱਕਾ ਹੈ ਗੁਰੂ ਘਰਾਂ ਦੇ ਪ੍ਰਬੰਧਾਂ ਨੂੰ ਆਜ਼ਾਦ ਕਰਵਾਉਣ ਲਈ ਹੰਭਲਾ ਮਾਰਨ ਦਾ। ਓਹਨਾ ਕਿਹਾ ਕਿ ਅੱਜ ਦੀ ਘਟਨਾ ਨੇ ਪ੍ਰਬੰਧਾਂ ਤੇ ਬਹੁਤ ਵੱਡੇ ਸਵਾਲ ਖੜੇ ਕੀਤੇ ਹਨ।ਜਿਸ ਦਾ ਜਵਾਬ ਸਿੱਖ ਸੰਗਤ ਆਉਣ ਵਾਲੀਆਂ ਐਸਜੀਪੀਸੀ ਚੋਣਾਂ ਵਿੱਚ ਲਾਜ਼ਮੀ ਦੇਵੇਗੀ।ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਣੀ ਭਰਤੀ ਕਮੇਟੀ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸੁਰਜੀਤ ਕਰਨ ਦਾ ਅਹਿਦ ਲੈਂਦਿਆਂ ਲੋਹ ਪੁਰਸ਼ ਜਗਦੇਵ ਸਿੰਘ ਤਲਵੰਡੀ ਦੇ ਦੋਹਤੇ ਅਤੇ ਜਥੇ: ਰਣਧੀਰ ਸਿੰਘ ਸਾਬਕਾ ਮੰਤਰੀ ਦੇ ਪੋਤਰੇ ਤੇ ਪਾਰਟੀ ਦੇ ਸਾਬਕਾ ਜਨਰਲ ਸਕੱਤਰ ਗੁਰਜੀਤ ਸਿੰਘ ਤਲਵੰਡੀ ਨੇ ਵੀ ਸਾਥੀਆਂ ਸਮੇਤ ਭਰਤੀ ਮੁਹਿੰਮ ਵਿਚ ਸਰਗਰਮੀ ਨਾਲ ਕੁੱਦਣ ਦਾ ਐਲਾਨ ਕੀਤਾ।ਐਸਜੀਪੀਸੀ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਸ਼ਹੀਦਾਂ ਦੀ ਧਰਤੀ ਨੇ ਹਮੇਸ਼ਾ ਪੰਥਕ ਸੋਚ ਦੀ ਧਾਰਨੀ ਲੀਡਰਸ਼ਿਪ ਬਖਸ਼ਿਸ਼ ਕੀਤੀ ਹੈ। ਜਿਹੜਾ ਵੱਡਾ ਉੱਦਮ ਅਤੇ ਸੁਨੇਹਾ ਲੈਕੇ ਪੰਜ ਮੈਂਬਰੀ ਭਰਤੀ ਕਮੇਟੀ ਚੱਲੀ ਹੈ, ਉਹ ਪੰਥ ਅਤੇ ਪੰਜਾਬ ਦੀ ਤਰਜਮਾਨੀ ਕਰਦੀ ਲੀਡਰਸ਼ਿਪ ਦੀ ਭਾਲ ਨੂੰ ਲਾਜ਼ਮੀ ਪੂਰਾ ਕਰੇਗੀ।ਇਸ ਮੌਕੇ ਜਸਟਿਸ ਨਿਰਮਲ ਸਿੰਘ ਸਾਬਕਾ ਵਿਧਾਇਕ, ਅਮਰਿੰਦਰ ਸਿੰਘ ਸੋਨੂੰ ਲਿਬੜਾ,ਐਸਜੀਪੀਸੀ ਮੈਂਬਰ ਸਤਵਿੰਦਰ ਸਿੰਘ ਟੌਹੜਾ,ਦਰਬਾਰਾ ਸਿੰਘ ਰੰਧਾਵਾ,ਹਰਵੇਲ ਸਿੰਘ ਮਾਧੋਪੁਰ, ਰਣਬੀਰ ਸਿੰਘ ਪੂਨੀਆ, ਲਖਬੀਰ ਸਿੰਘ ਥਾਬਲਾ, ਦਲਬੀਰ ਸਿੰਘ ਸਿੱਧੂਪੁਰ, ਸਰਕਲ ਪ੍ਰਧਾਨ ਗੁਰਮੇਲ ਸਿੰਘ ਭਗੜਾਣਾ ਅਤੇ ਸੁਰਿੰਦਰ ਸਿੰਘ ਸੁਹਾਗਹੇੜੀ, ਮਨਦੀਪ ਸਿੰਘ ਤਰਖਾਣ ਮਾਜਰਾ, ਦਲਬਾਰਾ ਸਿੰਘ ਰੰਧਾਵਾ, ਜੈ ਸਿੰਘ ਬਾਰਾ, ਹਰਵਿੰਦਰ ਸਿੰਘ ਬੱਬਲ, ਮੈਨੇਜਰ ਅਮਰਜੀਤ ਸਿੰਘ, ਅਮਰੀਕ ਸਿੰਘ ਰੋਮੀ, ਬਲਜੀਤ ਸਿੰਘ, ਤਰਲੋਚਨ ਸਿੰਘ ਲਾਲੀ, ਮੇਜਰ ਸਿੰਘ ਸ਼ਮਸੇਰ ਨਗਰ, ਸਿਮਰਨਜੀਤ ਸਿੰਘ ਚੰਦੂਮਾਜਰਾ, ਨਿਰਭੈ ਸਿੰਘ ਖੇੜਾ, ਜਰਨੈਲ ਸਿੰਘ ਹਿੰਦੂਪੁਰ,ਬਲਤੇਜ ਸਿੰਘ ਮਹਿਮੂਦਪੁਰ, ਹਰਵਿੰਦਰ ਸਿੰਘ ਸਾਬਕਾ ਸਰਪੰਚ, ਕੁਲਵੰਤ ਸਿੰਘ ਸਿੱਧਵਾਂ, ਜੁਝਾਰ ਸਿੰਘ ਮਾਜਰੀ ਸੋਧੀਆ, ਕਰਨੈਲ ਸਿੰਘ ਮਾਧੋਪੁਰ, ਦਰਬਾਰਾ ਸਿੰਘ ਬੀਬੀਪੁਰ, ਸਤਨਾਮ ਸਿੰਘ ਸਰਪੰਚ, ਸੰਪੂਰਨ ਸਿੰਘ ਸਰਪੰਚ, ਗੁਰਮੁਖ ਸਿੰਘ ਸੁਹਾਗਹੇੜੀ, ਲਾਡੀ ਸਾਧੂਗੜ੍ਹ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।