ਸ੍ਰੀ ਫ਼ਤਹਿਗੜ੍ਹ ਸਾਹਿਬ/15 ਅਪਰੈਲ:
(ਰਵਿੰਦਰ ਸਿੰਘ ਢੀਂਡਸਾ)
ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਸੈਕਟਰ 8-ਸੀ, ਚੰਡੀਗੜ੍ਹ ਵਿਖੇ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਸ਼ੁਭ ਦਿਹਾੜੇ 'ਤੇ ਸੁਖਜਿੰਦਰ ਸਿੰਘ ਬਹਿਲ (ਪ੍ਰਧਾਨ), ਭੁਪਿੰਦਰ ਸਿੰਘ (ਜਨਰਲ ਸਕੱਤਰ), ਸਤਨਾਮ ਸਿੰਘ ਰੰਧਾਵਾ (ਕਨਵੀਨਰ) ਦੀ ਅਗਵਾਈ ਹੇਠ ਖਾਲਸਾ ਸਾਜਨਾ ਦਿਵਸ ਮੌਕੇ ਦਸਤਾਰਬੰਦੀ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਚੰਡੀਗੜ੍ਹ ਦੇ 82 ਸਕੂਲੀ ਵਿਦਿਆਰਥੀਆਂ ਨੇ ਭਾਗ ਲਿਆ। ਦੇਸ਼ ਭਗਤ ਯੂਨੀਵਰਸਿਟੀ ਦੇ ਬੁਲਾਰੇ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਨੇ ਇਸ ਸਮਾਗਮ ਚ ਮੁੱਖ ਸੇਵਾਦਾਰ ਵਜੋਂ ਭੂਮਿਕਾ ਨਿਭਾਈ। ਉਨ੍ਹਾਂ ਨੇ ਦਸਤਾਰਬੰਦੀ ਮੁਕਾਬਲੇ ਦੇ ਜੇਤੂਆਂ ਨੂੰ ਦਸਤਾਰਾਂ ਭੇਟ ਕੀਤੀਆਂ ਅਤੇ ਸਿੱਖੀ ਨੂੰ ਅਪਨਾਉਣ ਅਤੇ ਦਸਤਾਰ ਦੀ ਮਹੱਤਤਾ ਬਾਰੇ ਪ੍ਰੇਰਿਤ ਕੀਤਾ। ਡਾ. ਜ਼ੋਰਾ ਸਿੰਘ ਨੇ ਕਿਹਾ ਕਿ ਕੁਰਬਾਨੀਆਂ ਨਾਲ ਭਰਿਆ ਸਿੱਖ ਇਤਿਹਾਸ ਸਾਡੇ ਰੋਮ ਰੋਮ ਵਿੱਚ ਵਸਿਆ ਹੋਇਆ ਹੈ। ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਖਾਲਸੇ ਦੇ ਕੁਰਬਾਨੀ ਭਰੇ ਇਤਿਹਾਸ ਨਾਲ ਰਾਗੀ ਤੇ ਢਾਡੀ ਜਥਿਆਂ ਨੇ ਸੰਗਤ ਨੂੰ ਜੋੜਿਆ। ਸ੍ਰੀ ਗੁਰੂ ਹਰਕ੍ਰਿਸ਼ਨ ਸ. ਸ. ਪਬਲਿਕ ਸਕੂਲ ਚੰਡੀਗੜ੍ਹ, ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਚੰਡੀਗੜ੍ਹ ਅਤੇ ਭਾਈ ਜੈਤਾ ਜੀ ਫਾਊਂਡੇਸ਼ਨ ਚੰਡੀਗੜ ਦੇ ਵਿਦਿਆਰਥੀਆਂ ਨੇ ਇਸ ਦਸਤਾਰਬੰਦੀ ਮੁਕਾਬਲੇ ਵਿਚ ਭਾਗ ਲਿਆ । ਇਸ ਵਿੱਚ ਉਮਰ ਵਰਗ (7 ਤੋਂ 11 ਸਾਲ) ਵਿੱਚ ਗੁਰਪ੍ਰਤਾਪ ਸਿੰਘ ਨੇ ਪਹਿਲਾ ਸਥਾਨ,ਸੁਖਮਨਪ੍ਰੀਤ ਸਿੰਘ ਨੇ ਦੂਜਾ ਸਥਾਨ ਅਤੇ ਸਹਿਜਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਉਮਰ ਵਰਗ (12 ਤੋਂ 17 ਸਾਲ) ਵਿੱਚ ਸ਼ਰਨਜੀਤ ਕੌਰ ਅਤੇ ਗੁਰਬੀਰ ਸਿੰਘ ਨੇ (ਪਹਿਲਾ ਸਥਾਨ) ,ਅਰਸ਼ਦੀਪ ਸਿੰਘ ਅਤੇ ਪਰਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮੁਕਾਬਲੇ ਵਿਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਡਾ. ਜ਼ੋਰਾ ਸਿੰਘ ਚਾਂਸਲਰ ਦੇਸ਼ ਭਗਤ ਯੂਨੀਵਰਸਿਟੀ ਨੇ ਦਸਤਾਰਬੰਦੀ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਦਸਤਾਰਾਂ ਭੇਟ ਕੀਤੀਆਂ। ਗੁਰੂਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਡਾ. ਜ਼ੋਰਾ ਸਿੰਘ ਦਾ ਵਿਸ਼ੇਸ ਸਨਮਾਨ ਕੀਤਾ ਅਤੇ ਉਨ੍ਹਾਂ ਦੀ ਸੇਵਾ ਦੀ ਸਲਾਘਾ ਕੀਤੀ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।