Saturday, May 11, 2024  

ਕੌਮੀ

ਲੋਕ ਸਭਾ ਚੋਣਾਂ-2024 : ਦੂਜੇ ਗੇੜ ਦੀਆਂ 88 ਸੀਟਾਂ ’ਤੇ ਵੋਟਾਂ ਅੱਜ

April 25, 2024

ਰਾਹੁਲ ਤੇ ਹੇਮਾ ਮਾਲਿਨੀ ਸਣੇ ਕਈਆਂ ਦੀ ਕਿਸਮਤ ਈਵੀਐਮ ’ਚ ਹੋਵੇਗੀ ਬੰਦ

ਏਜੰਸੀਆਂ
ਨਵੀਂ ਦਿੱਲੀ/25 ਅਪ੍ਰੈਲ : ਲੋਕ ਸਭਾ ਚੋਣਾਂ ਦੇ ਦੂਜੇ ਗੇੜ ਦੀਆਂ 13 ਸੂਬਿਆਂ ਦੀਆਂ 88 ਲੋਕ ਸਭਾ ਸੀਟਾਂ ’ਤੇ 26 ਅਪ੍ਰੈਲ, ਸ਼ੁੱਕਰਵਾਰ ਨੂੰ ਵੋਟਾਂ ਪੈਣਗੀਆਂ।
ਇਨ੍ਹਾਂ ਸੀਟਾਂ ’ਤੇ 1206 ਉਮੀਦਵਾਰ ਚੋਣ ਮੈਦਾਨ ਵਿੱਚ ਹਨ। 13 ਸੂਬਿਆਂ ਵਿਚ ਆਸਾਮ ਅਤੇ ਬਿਹਾਰ ਤੋਂ 5-5, ਛੱਤੀਸਗੜ੍ਹ ਤੋਂ 3, ਜੰਮੂ-ਕਸ਼ਮੀਰ ਤੋਂ 1, ਕਰਨਾਟਕ ਤੋਂ 14, ਕੇਰਲ ਤੋਂ 20, ਮੱਧ ਪ੍ਰਦੇਸ਼ ਤੋਂ 7, ਮਹਾਰਾਸ਼ਟਰ ਤੋਂ 8, ਮਨੀਪੁਰ ਤੋਂ 1, ਰਾਜਸਥਾਨ ਤੋਂ 13, ਤ੍ਰਿਪੁਰਾ ਤੋਂ ਇਕ, ਉੱਤਰ ਪ੍ਰਦੇਸ਼ ਦੀਆਂ 8 ਅਤੇ ਪੱਛਮੀ ਬੰਗਾਲ ਦੀਆਂ 3 ਲੋਕ ਸਭਾ ਸੀਟਾਂ ’ਤੇ ਵੋਟਾਂ ਪੈਣਗੀਆਂ।
ਦੱਸਣਾ ਬਣਦਾ ਹੈ ਕਿ ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ’ਚ 19 ਅਪ੍ਰੈਲ ਨੂੰ 21 ਸੂਬਿਆਂ ਦੀਆਂ 102 ਸੀਟਾਂ ’ਤੇ ਵੋਟਾਂ ਪਈਆਂ ਸਨ। ਇਸ ਵਿਚ ਕਰੀਬ 65.5 ਫ਼ੀਸਦੀ ਵੋਟਿੰਗ ਹੋਈ ਸੀ।
ਦੂਜੇ ਗੇੜ ’ਚ ਜਿਨ੍ਹਾਂ ਸੀਟਾਂ ’ਤੇ ਵੋਟਾਂ ਪੈਣੀਆਂ ਹਨ, ਉੱਥੇ ਕਈ ਦਿੱਗਜ਼ ਨੇਤਾਵਾਂ ਦੀ ਕਿਸਮਤ ਦਾਅ ’ਤੇ ਲੱਗੀ ਹੈ। ਵੱਖ-ਵੱਖ ਪਾਰਟੀਆਂ ਦੇ ਅਹਿਮ ਉਮੀਦਵਾਰ ਜਿਵੇਂ ਕਿ ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ (ਤਿਰੂਵਨੰਤਪੁਰਮ), ਭਾਜਪਾ ਦੇ ਤੇਜਸਵੀ ਸੂਰਿਆ (ਬੈਂਗਲੁਰੂ ਦੱਖਣੀ), ਹੇਮਾ ਮਾਲਿਨੀ (ਮਥੁਰਾ), ਅਰੁਣ ਗੋਵਿਲ (ਮੇਰਠ), ਕਾਂਗਰਸ ਆਗੂ ਰਾਹੁਲ ਗਾਂਧੀ (ਵਾਇਨਾਡ), ਸ਼ਸ਼ੀ ਥਰੂਰ (ਤਿਰੂਵਨੰਤਪੁਰਮ), ਕਰਨਾਟਕ ਦੇ ਉਪ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਡੀ.ਕੇ ਸ਼ਿਵਕੁਮਾਰ ਦੇ ਭਰਾ ਡੀ.ਕੇ ਸੁਰੇਸ਼ (ਬੈਂਗਲੁਰੂ ਦਿਹਾਤੀ), ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐਚ.ਡੀ ਕੁਮਾਰਸਵਾਮੀ (ਮੰਡਿਆ) ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਪਿਛਲੀ ਵਾਰ ਦੂਜੇ ਗੇੜ ਦੀਆਂ 88 ਸੀਟਾਂ ’ਚੋਂ ਐਨਡੀਏ 61, ਯੂਪੀਏ 24, ਜਦਕਿ ਹੋਰਨਾਂ ਨੂੰ 3 ਸੀਟਾਂ ਮਿਲੀਆਂ ਸਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਚੋਣ ਕਮਿਸ਼ਨ ਨੇ ਪਹਿਲਾਂ ਜੋ ਸ਼ੈਡਿਊਲ ਜਾਰੀ ਕੀਤਾ ਸੀ, ਉਸ ਮੁਤਾਬਕ ਦੂਜੇ ਗੇੜ ਦੀਆਂ 89 ਸੀਟਾਂ ’ਤੇ ਵੋਟਾਂ ਪੈਣੀਆਂ ਸਨ, ਪਰ ਮੱਧ ਪ੍ਰਦੇਸ਼ ਦੇ ਬੈਤੂਲ ਸੀਟ ’ਤੇ ਬਸਪਾ ਉਮੀਦਵਾਰ ਦੇ ਦੇਹਾਂਤ ਮਗਰੋਂ ਇੱਥੇ ਚੋਣ ਤੀਜੇ ਗੇੜ ਵਿਚ ਤਬਦੀਲ ਕਰ ਦਿੱਤੀ ਗਈ। ਇਸ ਦੇ ਚੱਲਦਿਆਂ ਹੁਣ ਦੂਜੇ ਗੇੜ ’ਚ ਕੁੱਲ 88 ਸੀਟਾਂ ’ਤੇ ਵੋਟਾਂ ਪੈਣਗੀਆਂ।
ਦੂਜੇ ਪਾਸੇ ਚੋਣਾਂ ਕਾਰਨ ਉੱਤਰ ਪ੍ਰਦੇਸ਼ ਦੇ ਗੌਤਮਬੁੱਧ ਨਗਰ ਜ਼ਿਲ੍ਹੇ ਵਿਚ ਸਕੂਲ ਅਤੇ ਕਾਲਜ ਬੰਦ ਰਹਿਣਗੇ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਕਾਰਖ਼ਾਨਿਆਂ ਅਤੇ ਉਦਯੋਗਾਂ ਨੂੰ ਵੀ ਨਿਰਦੇਸ਼ ਦਿੱਤਾ ਗਿਆ ਹੈ ਕਿ ਸ਼ੁੱਕਰਵਾਰ ਨੂੰ ਮਜ਼ਦੂਰਾਂ ਨੂੰ ਬਿਨਾਂ ਤਨਖ਼ਾਹ ਕੱਟੇ ਛੁੱਟੀ ਦੇਣ, ਤਾਂ ਕਿ ਉਹ ਆਪਣੀ ਵੋਟ ਪਾਉਣ ਜਾ ਸਕਣ। ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਮੁਤਾਬਕ ਵੀਰਵਾਰਨੂੰ ਨੋਇਡਾ ਦੀ ਫੁੱਲ ਮੰਡੀ ਤੋਂ ਪੋਲਿੰਗ ਪਾਰਟੀਆਂ ਨੂੰ ਰਵਾਨਾ ਕੀਤਾ ਜਾਵੇਗਾ ਅਤੇ 26 ਅਪ੍ਰੈਲ ਨੂੰ ਸਵੇਰੇ 7 ਵਜੇ ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ। ਜ਼ਿਲ੍ਹਾ ਅਧਿਕਾਰੀ ਮਨੀਸ਼ ਕੁਮਾਰ ਵਰਮਾ ਨੇ ਕਿਹਾ ਕਿ ਕਾਰਖ਼ਾਨਿਆਂ ਅਤੇ ਉਦਯੋਗਾਂ ਨੂੰ ਵੀ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਸ਼ੁੱਕਰਵਾਰ ਨੂੰ ਮਜ਼ਦੂਰਾਂ ਨੂੰ ਛੁੱਟੀ ਦੇਣ। ਅਜਿਹੀ ਪ੍ਰਤਿਕਿਰਿਆ ਮਿਲੀ ਸੀ ਕਿ ਕੰਮ ਦੀ ਵਜ੍ਹਾ ਤੋਂ ਕੁਝ ਮਜ਼ਦੂਰ ਵੋਟ ਪਾਉਣ ਨਹੀਂ ਜਾ ਪਾਉਂਦੇ, ਇਸ ਲਈ ਇਹ ਫ਼ੈਸਲਾ ਲਿਆ ਗਿਆ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ