Saturday, May 11, 2024  

ਕੌਮੀ

ਸੰਦੇਸ਼ਖਾਲੀ ਮਾਮਲੇ ’ਚ ਸੀਬੀਆਈ ਨੇ ਦਰਜ ਕੀਤੀ ਪਹਿਲੀ ਐਫ਼ਆਈਆਰ

April 25, 2024

ਏਜੰਸੀਆਂ
ਨਵੀਂ ਦਿੱਲੀ/25 ਅਪ੍ਰੈਲ : ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਜ਼ਮੀਨ ਹੜੱਪਣ ਅਤੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤਹਿਤ ਪੱਛਮੀ ਬੰਗਾਲ ਦੇ ਸੰਦੇਸ਼ਖਾਲੀ ’ਚ ਪੰਜ ਪ੍ਰਭਾਵਸ਼ਾਲੀ ਵਿਅਕਤੀਆਂ ਵਿਰੱੁਧ ਪਹਿਲੀ ਐਫ਼ਆਈਆਰ ਦਰਜ ਕੀਤੀ ਹੈ।
ਇਹ ਜਾਣਕਾਰੀ ਅਧਿਕਾਰੀਆਂ ਨੇ ਵੀਰਵਾਰ ਨੂੰ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਇਹ ਜ਼ਮੀਨ ਹੜੱਪਣ ਦਾ ਮਾਮਲਾ ਸੀ, ਜਿੱਥੇ ਪੀੜਤ ਪਰਿਵਾਰ ਦੀਆਂ ਔਰਤਾਂ ਨੂੰ ਕਥਿਤ ਤੌਰ ’ਤੇ ਪ੍ਰਭਾਵਸ਼ਾਲੀ ਲੋਕਾਂ ਤੋਂ ਜਿਨਸੀ ਸ਼ੋਸ਼ਣ ਦਾ ਸਾਹਮਣਾ ਕਰਨਾ ਪਿਆ। ਸੀਬੀਆਈ ਨੇ ਹਾਲੇ ਪੰਜ ਮੁਲਜ਼ਮਾਂ ਅਤੇ ਪੀੜਤਾਂ ਦੀ ਪਛਾਣ ਨਹੀਂ ਦੱਸੀ ਹੈ।
ਕਲਕੱਤਾ ਹਾਈ ਕੋਰਟ ਨੇ 10 ਅਪ੍ਰੈਲ ਨੂੰ ਪੱਛਮੀ ਬੰਗਾਲ ਦੇ ਸੰਦੇਸ਼ਖਾਲੀ ਵਿਚ ਔਰਤਾਂ ਵਿਰੱੁਧ ਅਪਰਾਧਾਂ ਅਤੇ ਜ਼ਮੀਨ ਹੜੱਪਣ ਦੇ ਇਲਜ਼ਾਮਾਂ ਦੀ ਅਦਾਲਤ ਦੀ ਨਿਗਰਾਨੀ ਹੇਠ ਸੀਬੀਆਈ ਜਾਂਚ ਦਾ ਹੁਕਮ ਦਿੰਦਿਆਂ ਕਿਹਾ ਸੀ ਕਿ ਨਿਆਂ ਦੇ ਹਿੱਤ ਵਿਚ ਨਿਰਪੱਖ ਜਾਂਚ ਜ਼ਰੂਰੀ ਹੈ।
ਸੀਬੀਆਈ ਨੇ ਅਜਿਹੇ ਮਾਮਲਿਆਂ ਵਿਚ ਸ਼ਿਕਾਇਤ ਦਰਜ ਕਰਵਾਉਣ ਲਈ ਲੋਕਾਂ ਲਈ ਇਕ ਈਮੇਲ ਆਈਡੀ ਜਾਰੀ ਕੀਤੀ ਸੀ ਅਤੇ ਵੱਡੀ ਗਿਣਤੀ ਵਿਚ ਸ਼ਿਕਾਇਤਾਂ ਪ੍ਰਾਪਤ ਕੀਤੀਆਂ ਸਨ।
ਏਜੰਸੀ ਨੇ ਇਲਜ਼ਾਮਾਂ ਦਾ ਪਤਾ ਲਗਾਉਣ ਅਤੇ ਕੇਸ ਦਰਜ ਕਰਨ ਲਈ ਇਕ ਟੀਮ ਨੂੰ ਸੰਦੇਸ਼ਖਾਲੀ ਭੇਜਿਆ ਸੀ, ਜਿੱਥੇ ਦੋਸ਼ਾਂ ਦੀ ਪਹਿਲੀ ਨਜ਼ਰੇ ਪੁਸ਼ਟੀ ਕੀਤੀ ਜਾ ਸਕੇ।
ਸੀਬੀਆਈ ਨੇ ਖੇਤਰ ਦੇ ਦੌਰੇ ਦੌਰਾਨ ਸ਼ੁਰੂਆਤੀ ਤਸਦੀਕ ਤੋਂ ਬਾਅਦ ਜ਼ਮੀਨ ਹੜੱਪਣ ਅਤੇ ਔਰਤਾਂ ’ਤੇ ਹਮਲਿਆਂ ਦੇ ਦੋਸ਼ਾਂ ਤਹਿਤ ਪਹਿਲੀ ਅਜਿਹੀ ਐਫਆਈਆਰ ਦਰਜ ਕੀਤੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ