ਸੀਪੀਆਈ ਤੇ ਸੀਪੀਆਈ(ਐਮ) ਨੇ ਕੀਤੀ ਸ਼ਿਰਕਤ, ਭਾਜਪਾ, 'ਆਪ' ਤੇ ਸ਼੍ਰੋਮਣੀ ਆਕਾਲੀ ਦਲ ਨਾ ਹੋਏ ਸ਼ਾਮਿਲ
ਚੰਡੀਗੜ੍ਹ, 27 ਅਪ੍ਰੈਲ(ਦਸਨਸ): ਬੇਹੱਦ ਗੰਭੀਰ ਤੇ ਸੰਵੇਦਨਸ਼ੀਲ ਸਮਾਜਿਕ ਮੁੱਦੇ ‘ਸੱਭਿਆਚਾਰਕ ਪ੍ਰਦੂਸ਼ਣ’ ਨੂੰ ਚੋਣ ਮੁੱਦਾ ਨਾ ਬਣਾਉਣ ਉੱਤੇ ਸਿਆਸੀ ਪਾਰਟੀਆਂ ਦਾ ਨਜ਼ਰੀਆਂ ਜਾਨਣ ਲਈ ਇਪਟਾ, ਪੰਜਾਬ ਵੱਲੋਂ ਕਰਵਾਈ ਕਨਵੈਨਸ਼ਨ ਦੌਰਾਨ ਸੱਦੀਆਂ ਸੱਤ ਰਾਜਨੀਤਿਕ ਧਿਰਾਂ ਵਿੱਚੋਂ ਕੇਂਦਰ ਤੇ ਸੂਬੇ ਦੀਆਂ ਹਾਕਮ ਧਿਰਾਂ ਬੀ.ਜੇ.ਪੀ ਤੇ ਆਮ ਆਦਮੀ ਪਾਰਟੀ ਅਤੇ ਰਾਜ ਸੱਤਾ ਪ੍ਰਾਪਤ ਕਰਨੀ ਦੀ ਇਛੁੱਕ ਸ਼੍ਰੋਮਣੀ ਆਕਾਲੀ ਦਲ (ਬਾਦਲ) ਨੇ ਵਾਰ-ਵਾਰ ਸੰਪਰਕ ਕਰਨ ਦੇ ਬਾਵਜੂਦ ਆ ਕੇ ਆਪਣਾ ਪੱਖ ਰੱਖਣਾ ਵਾਜਿਬ ਨਹੀ ਸਮਝਿਆਂ।ਪੰਜਾਬੀ ਲੇਖਕ ਸਭਾ (ਰਜ਼ਿ.), ਪੈਗ਼ਾਮ-ਏ-ਨਾਮਾ ਤੇ ਇਪਟਾ, ਚੰਡੀਗੜ੍ਹ ਦੇ ਸਰਗਰਮ ਸਹਿਯੋਗ ਨਾਲ ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ਹੋਈ ਕਨਵੈਨਸ਼ਨ ਵਿਚ ਲੇਖਕ, ਚਿੰਤਕ, ਰੰਗਮੰਚ ਤੇ ਫ਼ਿਲਮ ਅਦਾਕਾਰ ਭਰਵੀਂ ਗਿਣਤੀ ਵਿਚ ਸ਼ਾਮਿਲ ਹੋਏ।
ਆਪਣੇ ਸੰਬੋਧਨ ਵਿੱਚ ਆਲੋਚਕ ਤੇ ਚਿੰਤਕ ਪ੍ਰੋਫੈਸਰ ਰਾਜਿੰਦਰ ਪਾਲ ਸਿੰਘ ਬਰਾੜ ਨੇ ਕਿਹਾ ਕਿ ਹੋਰਾਂ ਪ੍ਰਦੂਸ਼ਣਾਂ ਵਾਂਗ ਸੱਭਿਆਚਾਰਕ ਪ੍ਰਦੂਸ਼ਣ ਵੀ ਇਕ ਗੰਭੀਰ ਮਸਲਾ ਹੈ। ਸੱਭਿਆਚਾਰਕ ਪ੍ਰਦੂਸ਼ਣ ਵਿੱਚ ਗੀਤਕਾਰੀ ਤੇ ਗਾਇਕੀ ਦਾ ਪ੍ਰਦੂਸ਼ਣ ਵੱਧ ਪਰੇਸ਼ਾਨ ਕਰਦਾ ਹੈ।ਦੂਸਰੇ ਵਕਤਾ ਬੇਬਾਕ ਪੱਤਰਕਾਰ ਡਾ. ਹਰਜਿੰਦਰ ਪਾਲ ਸਿੰਘ ਵਾਲੀਆਂ ਨੇ ਕਿਹਾ ਕਿ ਰਾਜਨੀਤਿਕ ਪਾਰਟੀਅ ਜਦ ਮੁੱਢਲੇ ਮੁੱਦਿਆਂ ਤੋਂ ਕਿਨਾਰਾ ਕਰ ਗਈਆਂ ਹਨ ਤਾਂ ਪ੍ਰਦੂੁਸ਼ਿਤ ਹੋ ਰਿਹਾ ਸੱਭਿਆਚਾਰ ਇਨ੍ਹਾਂ ਲਈ ਮਸਲਾ ਕਿਵੇਂ ਹੋ ਸਕਦਾ ਹੈ।
ਕਾਂਗਰਸ ਦੇ ਨੁਮਾਇੰਦੇ ਨਗਰ ਨਿਗਮ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਇਪਟਾ ਵੱਲੋਂ ਉਭਾਰਿਆ ‘ਸੱਭਿਆਚਾਰਕ ਪ੍ਰਦੂਸ਼ਣ’ ਦਾ ਮੁੱਦਾ ਬੇਹੱਦ ਗੰਭੀਰ ਮਸਲਾ ਹੈ, ਉਹ ਕਾਂਗਰਸ ਦੀ ਮੈਨੀਫੇਟੋ ਕਮੇਟੀ ਵਿੱਚ ਇਹ ਮੁੱਦਾ ਰੱਖਣਗੇ।ਸੀਪੀਆਈ(ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਸਿਰਫ ‘ਸੱਭਿਆਚਾਰਕ ਪ੍ਰਦੂਸ਼ਣ’ ਹੀ ਨਹੀਂ ਬਲਕਿ ਹਰ ਸਮਾਜਿਕ ਬੁਰਾਈ ਖ਼ਿਲਾਫ਼ ਸਾਡੀ ਪਾਰਟੀ ਦੇਸ਼ ਭਰ ਵਿਚ ਆਪਣੀ ਆਵਾਜ਼ ਉਠਾਏਗੀ।ਸੀਪੀਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਬਰਾੜ ਨੇ ਕਿਹਾ ਕਿ ਸੱਭਿਆਚਾਰ ਵਿੱਚ ਪ੍ਰਦੂਸ਼ਣ ਦੇ ਨਾਲ-ਨਾਲ ਰਾਜਨੀਤੀ, ਧਰਮ, ਮਨੁੱਖੀ ਰਿਸ਼ਤਿਆਂ ਵਿੱਚ ਵੀ ਪ੍ਰਦੂਸ਼ਣ ਹੈ। ਸਾਨੂੰ ਹਰ ਕਿਸਮ ਦੇ ਪ੍ਰਦੂਸ਼ਣ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।
ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਨੇ ਕਿਹਾ ਦੋ ਦਹਾਕੇ ਪਹਿਲਾਂ ਤੇਰਾ ਸਿੰਘ ਚੰਨ, ਸੰਤੋਖ ਸਿੰਘ ਧੀਰ, ਡਾ. ਐਸ ਤਰਸੇਮ, ਡਾ. ਪਰੇਮ ਸਿੰਘ ਦੀ ਪ੍ਰਧਾਨਗੀ ਹੇਠ ਮੁਹਾਲੀ ਵਿਖੇ ਹੋਈ ਰਾਜ ਪੱਧਰੀ ਕਨਵੈਨਸ਼ਨ 'ਰਾਜਨੀਤਕ ਪਾਰਟੀਆਂ ਦੇ ਸਾਹਿਤ, ਸੱਭਿਆਚਾਰ ਤੇ ਭਾਸ਼ਾ ਪ੍ਰਤੀ ਕਰਤੱਵ' ਦੌਰਾਨ ਰਾਜਨੀਤਕ ਪਾਰਟੀਆਂ ਦੇ ਆਗੂ ਕੈਪਟਨ ਕੰਵਲਜੀਤ ਸਿੰਘ, ਬਲਵੰਤ ਸਿੰਘ ਰਾਮੂਵਾਲੀਆ ਤੇ ਡਾ. ਜੋਗਿੰਦਰ ਦਿਆਲ ਨੇ ਆਪੋ-ਆਪਣੀਆਂ ਸਿਆਸੀ ਪਾਰਟੀਆਂ ਵੱਲੋਂ ਸਾਹਿਤ, ਭਾਸ਼ਾ ਤੇ ਸੱਭਿਆਚਾਰ ਦੀ ਬਿਹਤਰੀ ਲਈ ਸੁਹਿਰਦ ਯਤਨ ਕਰਨ ਦਾ ਵਾਅਦਾ ਕੀਤਾ ਸੀ।ਪਰ ਪਰਨਾਲਾ ਉਥੇ ਦਾ, ਉਥੇ ਹੀ ਹੈ।
ਇਪਟਾ, ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਇਪਟਾ ਬਾਰੇ ਜਾਣਕਾਰੀ ਦਿੱਤੀ।ਫ਼ਿਲਮਾਂ ਦੇ ਸਿਰਮੌਰ ਹਸਤਾਖਰ ਪਿ੍ਰਥਵੀ ਰਾਜ ਕਪੂਰ, ਬਲਰਾਜ ਸਾਹਨੀ ਤੇ ਪੰਜਾਬ ਤੋਂ ਤੇਰਾ ਸਿੰਘ ਚੰਨ, ਸੁਰਿੰਦਰ ਕੌਰ ਅਤੇ ਅਮਰਜੀਤ ਗੁਰਦਾਸਪੁਰੀ ਸਣੇ ਬੇਸ਼ੁਮਾਰ ਫਨਕਾਰ ਇਪਟਾ ਨਾਲ ਜੁੜੇ।
ਡਾ. ਦੀਪਕ ਮਨਮੋਹਨ ਸਿੰਘ ਨੇ ਕਿਹਾ ਕਿ ਇਪਟਾ ਵੱਲੋਂ ‘ਸੱਭਿਆਚਾਰਕ ਪ੍ਰਦੂਸ਼ਣ’ ਵਰਗਾ ਉਠਇਆਂ ਮੁੱਦਾ ਸਮੇਂ ਦੀ ਲੋੜ ਹੈ।
ਇਸ ਮੌਕੇ ਇਪਟਾ ਦੀ ਮੁੱਢਲੀ ਕਾਰਕੁਨ, ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦੀ ਧੀ ਡੋਲੀ ਗੁਲੇਰੀਆ, ਦੋਹਤੀ ਸੁਨੈਨੀ ਸ਼ਰਮਾ,
ਸਰਬਜੀਤ ਰੂਪੋਵਾਲੀ, ਦੀਪਕ ਨਾਹਰ, ਸੁਰਿੰਦਰ ਪਾਲ ਸਿੰਘ, ਸਤਨਾਮ ਮੁੱਦਲ, ਬਿੱਟੂ ਔਲਖ, ਗੁਰਮੀਤ ਸਿੰਘ, ਡਾ. ਲਾਭ ਸਿੰਘ ਖੀਵਾ, ਨਿੰਦਰ ਘੁਗਿਆਣਵੀ, ਪ੍ਰੀਤਮ ਰੁਪਾਲ, ਡਾ. ਸ਼ਿੰਦਰਪਾਲ ਸਿੰਘ, ਦੀਪਕ ਸ਼ਰਮਾ ਚਰਨਾਰਥਲ, ਪ੍ਰੋ. ਦਿਲਬਾਗ ਸਿੰਘ, ਭੁਪਿੰਦਰ ਸਿੰਘ ਮਲਿਕ, ਐਡਵੋਕੇਟ ਪਰਮਿੰਦਰ ਗਿੱਲ, ਕੰਵਲ ਨੈਨ ਸਿੰਘ ਸੇਖੋਂ, ਮਲਕੀਤ ਰੌਣੀ, ਇਕੱਤਰ ਸਿੰਘ, ਜਗਜੀਤ ਸਰੀਨ, ਰੰਜੀਵਨ ਸਿੰਘ, ਕੁੱਕੂ ਦੀਵਾਨ, ਅਨੀਤਾ ਸ਼ਬਦੀਸ਼, ਇੰਦਜੀਤ ਮੋਗਾ, ਹਰਦੀਪ ਕੌਰ ਵਿਰਕ, ਸਰਬਪ੍ਰੀਤ ਬਾਹਰਾ, ਰਣਜੀਤ ਹਾਂਸ, ਚਰਨਜੀਤ ਕੌਰ, ਬਲਜੀਤ ਕੌਰ ਲੁਧਿਆਣਵੀ, ਗੁਰਦਰਸ਼ਨ ਸਿੰਘ ਮਾਵੀ, ਗੁਰਮੇਲ ਸਿੰਘ ਮੋਜੇਵਾਲ, ਰਿਸ਼ਮਰਾਗ ਤੇ ਊਦੈਰਾਗ ਨੇ ਵੀ ਸ਼ਮੂਲੀਅਤ ਕੀਤੀ।ਇਪਟਾ ਪੰਜਾਬ ਦੇ ਜਨਰਲ ਸਕੱਤਰ ਇੰਦਜੀਤ ਰੂਪੋਵਾਲੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।ਨਾਮਧਾਰੀ ਸੰਗਤ ਵੱਲੋਂ ਸੂਬਾ ਗੁਰਮੁੱਖ ਸਿੰਘ, ਸੂਬਾ ਪਰਮਜੀਤ ਸਿੰਘ, ਬਲਵਿੰਦਰ ਸਿੰਘ ਦੀ ਦੇਖ-ਰੇਖ ਹੇਠ ਚਾਹਟੇ ਤੇ ਪ੍ਰਸ਼ਾਦ ਦੀ ਸੇਵਾ ਕੀਤੀ ਗਈ।