ਜੇਕਰ ਹਸਪਤਾਲ ਵਿੱਚ ਟੈਸਟ ਕਰਾਉਣ ਤਾਂ ਡਾਕਟਰ ਤੇ ਦਵਾਈ ਦੋਵੇਂ ਹੀ ਨਹੀਂ ਮਿਲਦੇ- ਮਰੀਜ਼
ਮਨਜੀਤ ਸਿੰਘ ਚੀਮਾ
ਮੁਕੇਰੀਆਂ, 4 ਮਈ : ਸਿਵਲ ਹਸਪਤਾਲ ਵਿੱਚ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਮੁਫਤ ਟੈਸਟ ਅਤੇ ਦਵਾਈਆਂ ਦੀ ਸਹੂਲਤਾਂ ਦੀ ਥਾਂ ਮਰੀਜ਼ਾਂ ਦੇ ਪੱਲੇ ਖੱਜਲ਼ ਖੁਆਰੀ ਹੀ ਪੈਣ ਦੀ ਚਰਚਾ ਇਲਾਕੇ ਅੰਦਰ ਹੋ ਰਹੀ ਹੈ। ਚਰਚਾ ਅਨੁਸਾਰ ਸਿਹਤ ਅਧਿਕਾਰੀਆਂ ਦੀਆਂ ਕਥਿਤ ਮਿਲੀਭੁਗਤ ਕਾਰਨ ਕੁਝ ਡਾਕਟਰਾਂ ਵਲੋਂ ਆਪਣੇ ਕਮਿਸ਼ਨਾਂ ਖਾਤਰ ਸਿਵਲ ਹਸਪਤਾਲ ਵਿੱਚ ਕੇਵਲ 3 ਦਿਨ ਮਿਲਣ ਵਾਲੀ ਸਕੈਨਿੰਗ ਦੀ ਸਹੂਲਤ ਵਾਲੇ ਟੈਸਟ ਲੱਗਪੱਗ ਹਰ ਮਰੀਜ਼ ਨੂੰ ਕਰਾਉਣ ਲਈ ਆਖਿਆ ਜਾਂਦਾ ਹੈ, ਜਿਸ ਕਾਰਨ ਬਹੁ ਗਿਣਤੀ ਮਰੀਜ਼ਾਂ ਨੂੰ ਇਹ ਟੈਸਟ ਮਹਿੰਗੇ ਮੁੱਲ ‘ਤੇ ਬਾਹਰੋ ਕਰਾਉਣਾ ਪੈਂਦਾ ਹੈ। ਨਿਯਮਾਂ ਅਨੁਸਾਰ ਡਾਕਟਰ ਵਲੋਂ ਓਪੀਡੀ ਦੌਰਾਨ ਇਲਾਜ਼ ਲਈ ਆਉਂਦੇ ਮਰੀਜ਼ ਨੂੰ ਪਹਿਲਾਂ ਮੁੱਢਲੀ ਦਵਾਈ ਲਿਖਣੀ ਹੁੰਦੀ ਹੈ ਅਤੇ ਕੁਝ ਟੈਸਟ ਕਰਵਾ ਕੇ ਮੁੜ ਦਿਖਾਉਣ ਲਈ ਆਖਿਆ ਜਾਣਾ ਹੁੰਦਾ ਹੈ, ਪਰ ਜਿਆਦਾਤਰ ਡਾਕਟਰ ਪਹਿਲਾਂ ਸਾਰੇ ਟੈਸਟ ਕਰਾਉਣ ਲਈ ਭੇਜ ਦਿੰਦੇ ਹਨ ਅਤੇ ਜਿਹੜਾ ਕਿ ਡਾਕਟਰਾਂ ਦੀ ਮੈਡੀਕਲ ਕਾਰਗੁਜ਼ਾਰੀ ਅਤੇ ਤਜਰ?ਬੇ ‘ਤੇ ਸਵਾਲ ਖੜ੍ਹੇ ਕਰਦਾ ਹੈ।
ਸਿਵਲ ਹਸਪਤਾਲ ‘ਚ ਦੌਰਾ ਕਰਨ ‘ਤੇ ਕੁਝ ਮਰੀਜ਼ਾਂ ਨੇ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਕੁਝ ਡਾਕਟਰਾਂ ਦੀਆਂ ਮਨਮਾਨੀਆਂ ਕਾਰਨ ਮਰੀਜ਼ਾਂ ਨੂੰ ਨਾ ਤਾਂ ਪੰਜਾਬ ਸਰਕਾਰ ਦੀ ਮੁਫਤ ਮੈਡੀਕਲ ਟੈਸਟਾ ਅਤੇ ਨਾ ਹੀ ਮੁਫ਼ਤ ਦਵਾਈਆਂ ਦੀ ਸਹੂਲਤ ਮਿਲ ਰਹੀ ਹੈ। ਹਸਪਤਾਲ ਪ੍ਰਸਾਸ਼ਨ ਵਲੋਂ ਇੱਕ ਸੋਚੀ ਸਮਝੀ ਸਾਜਿਸ ਤਹਿਤ ਮਰੀਜ਼ਾਂ ਮੈਡੀਕਲ ਟੈਸਟਾ ਲਈ ਬਾਹਰੀ ਲੈਬੋਰਟਰੀਆਂ ਅਤੇ ਦਵਾਈਆਂ ਲਈ ਬਾਹਰੀ ਮੈਡੀਕਲ ਸਟੋਰਾਂ ‘ਤੇ ਤੋਰਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਮ ਤੌਰ ‘ਤੇ ਸਿਵਲ ਹਸਪਤਾਲ ਵਿੱਚ ਮਹਾਤੜ ਮਰੀਜ਼ ਹੀ ਆਉਂਦਾ ਹੈ ਅਤੇ ਓਪੀਡੀ ਦੌਰਾਨ ਹੀ ਡਾਕਟਰ ਵਲੋਂ ਢੇਰ ਸਾਰੇ ਟੇਸਟ ਲਿਖ ਦਿੱਤੇ ਜਾਂਦੇ ਹਨ। ਹਸਪਤਾਲ ਅੰਦਰ ਕੇਵਲ 8 ਵਜੇ ਤੋਂ 11 ਵਜੇ ਤੱਕ ਮਰੀਜ਼ ਦੇ ਸੈਂਪਲ ਲਏ ਜਾਂਦੇ ਹਨ, ਜਿਨਾਂ ਦੀ ਰਿਪੋਰਟ 1 ਤੋਂ 2 ਵਜੇ ਤੱਕ ਮਿਲਦੀ ਹੈ। ਜਦੋਂ ਮਰੀਜ਼ ਆਪਣੀ ਰਿਪੋਰਟ ਲੈ ਕੇ ਡਾਕਟਰ ਕੋਲ ਪੁੱਜਦਾ ਹੈ ਤਾਂ ਅੱਗੋ ਡਾਕਟਰ ਨਹੀਂ ਮਿਲਦਾ ਅਤੇ ਜੇਕਰ ਕੋਈ ਡਾਕਟਰ ਮਿਲਦਾ ਹੈ ਤਾਂ ਸਿਵਲ ਹਸਪਤਾਲ ਦੇ ਦਵਾਈਆਂ ਵਾਲੇ ਕਾਉਂਟਰ ਤੋਂ ਦਵਾਈ ਮਿਲਣ ਦੀ ਕੋਈ ਆਸ ਨਹੀਂ ਹੁੰਦੀ। ਮਰੀਜ਼ਾਂ ਨੇ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਸਕੈਨਿੰਗ ਕੇਵਲ 3 ਦਿਨ ਹੀ ਹੁੰਦੀ ਹੈ, ਜਦੋਂ ਕਿ ਬੱਚਿਆਂ ਤੋਂ ਲੈ ਕੇ ਬਜੁਰ?ਗਾਂ ਤੱਕ ਦੇ ਇਲਾਜ਼ ਲਈ ਕੁਝ ਡਾਕਟਰ ਇਹ ਟੈਸਟ ਹਰ ਮਰੀਜ਼ ਨੂੰ ਇਹ ਟੈਸਟ ਲਿਖ ਦਿੰਦੇ ਹਨ, ਇਹ ਟੈਸਟ ਹਸਪਤਾਲ ਵਿੱਚ ਨਾ ਹੋਣ ਵਾਲੇ ਦਿਨਾਂ ਅਤੇ ਜਿਆਦਾ ਮਰੀ?ਜਾਂ ਵਾਲੇ ਦਿਨਾ ਅੰਦਰ ਬਹੁ ਗਿਣਤੀ ਮਰੀਜ਼ਾਂ ਨੂੰ ਇਹ ਟੈਸਟ ਮਹਿੰਗੇ ਮੁੱਲ ‘ਤੇ ਬਾਹਰੋਂ ਕਰਾਉਣਾ ਪੈਂਦਾ ਹੈ। ਇੱਕ ਸੂਝਵਾਨ ਮਰੀਜ਼ ਨੇ ਦੱਸਿਆ ਕਿ ਨਿਯਮਾਂ ਅਨੁਸਾਰ ਡਾਕਟਰ ਵਲੋਂ ਪਹਿਲਾਂ ਮਰੀਜ਼ ਨੂੰ ਮੁੱਢਲੀ ਦਵਾਈ ਲਿਖ ਕੇ ਜ਼ਰੂਰੀ ਟੈਸਟ ਕਰਵਾ ਕੇ ਮੁੜ ਦਿਖਾਉਣ ਲਈ ਕਹਿਣਾ ਹੁੰਦਾ ਹੈ, ਪਰ ਡਾਕਟਰ ਬਿਨ੍ਹਾਂ ਟੈਸਟ ਕਰਾਇਆ ਕਿਸੇ ਮਰੀਜ਼ ਨੂੰ ਕੋਈ ਦਵਾਈ ਨਹੀਂ ਲਿਖਦੇ, ਜਿਹੜੇ ਕਿ ਉੱਚ ਸਿੱਖਿਆ ਪ੍ਰਾਪਤ ਡਾਕਟਰਾਂ ਦੀ ਸਿੱਖਿਆ ਅਤੇ ਤਜਰ?ਬੇ ਉੱਤੇ ਹੀ ਸਵਾਲ ਖੜ੍ਹੇ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਟੈਸਟਾਂ ਉਪਰੰਤ ਹੀ ਡਾਕਟਰਾਂ ਨੂੰ ਮਰੀਜ਼ ਦੀ ਮਾਮੂਲੀ ਬੀਮਾਰੀ ਦਾ ਪਤਾ ਲੱਗਣਾ ਹੈ।
ਕੁੱਲ ਹਿੰਦ ਕਿਸਾਨ ਸਭਾ ਦੇ ਜਿਲ੍ਹਾ ਪ੍ਰਧਾਨ ਆਸ਼ਾ ਨੰਦ ਨੇ ਕਿਹਾ ਕਿ ਮਰੀਜ਼ਾਂ ਦੀ ਆਮ ਸ਼ਿਕਾਇਤ ਹੈ ਕਿ ਸਿਵਲ ਹਸਪਤਾਲ ਵਿੱਚ ਐਮਰਜੈਂਸੀ ਅਤੇ ਹਾਦਸਿਆਂ ‘ਚ ਜ਼ਖਮੀ ਮਰੀਜ਼ਾਂ ਦੇ ਮਾਮਲੇ ਵਿੱਚ ਪਹਿਲਾਂ ਸਟਾਫ ਤੇ ਫਿਰ ਡਾਕਟਰ ਲੱਭਣਾ ਪੈਂਦਾ ਹੈ। ਜੇਕਰ ਸਟਾਫ ਮਿਲ ਜਾਂਦਾ ਹੈ ਤਾਂ ਡਾਕਟਰ ਬਾਹਰ ਲੱਗੀਆਂ ਗੱਡੀਆਂ ਜਾਂ ਬਲੱਡ ਬੈਂਕ ਦੇ ਕਮਰੇ ਵਿੱਚ ਪਏ ਬੈਡ ‘ਤੇ ਅਰਾਮ ਕਰਦਾ ਮਿਲਦਾ ਹੈ। ਡਾਕਟਰ ਆਉਂਦਾ ਹੀ ਮਾਮੂਲੀ ਇਲਾਜ਼ ਕਰਕੇ ਅਗਲੇ ਹਸਪਤਾਲ ਵਿੱਚ ਰੈਫਰ ਦੀ ਸਲਿੱਪ ਮਰੀਜ਼ ਦੇ ਹੱਥ ਫੜਾ ਕੇ ਆਪਣੀ ਡਿਊਟੀ ਪੂਰੀ ਕਰ ਲੈਂਦਾ ਹੈ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਪ੍ਰਸਾਸ਼ਨ ਦੀਆਂ ਕਥਿਤ ਅਣਗਹਿਲੀਆਂ ਕਾਰਨ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਦਿੱਤੀਆਂ ਜਾ ਰਹੀ ਮੁਫਤ ਮੈਡੀਕਲ ਅਤੇ ਮੁਫ਼ਤ ਦਵਾਈਆ ਦੀ ਸਹੂਲਤ ਨਹੀ ਮਿਲ ਰਹੀ, ਜਦੋਂ ਕਿ ਸੂਬਾ ਸਰਕਾਰ ਵਲੋਂ ਮੁਫ਼ਤ ਸਿਹਤ ਸਹੂਲਤਾਂ ਵੱਡੇ ਪੱਧਰ ‘ਤੇ ਦੇਣ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸਿਵਲ ਹਸਪਤਾਲ ਵਿੱਚ ਅਚਨਚੇਤੀ ਚੈਕਿੰਗ ਯਕੀਨੀ ਬਣਾਈ ਜਾਵੇ ਅਤੇ ਐਮਰਜੈਂਸੀ ਡਿਉਟੀ ‘ਤੇ ਤਾਇਨਾਤ ਕਥਿਤ ਅਣਗਹਿਲੀ ਵਰਤਣ ਵਾਲੇ ਡਾਕਟਰਾਂ ਖਿਲਾਫ਼ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਜਦੋਂ ਐਸ ਐਮ ਓ ਡਾਕਟਰ ਰਮਨ ਕੁਮਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਡਾਕਟਰਾਂ ਵਲੋਂ ਮਰੀਜ਼ਾਂ ਦੇ ਮੈਡੀਕਲ ਟੈਸਟ ਬਾਹਰੋਂ ਲਿਖੇ ਜਾਣ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਜੇਕਰ ਕੋਈ ਡਾਕਟਰ ਅਜਿਹਾ ਕਰਦਾ ਹੈ ਤਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ। ਪਰ ਉਨ੍ਹਾਂ ਇਸ ਗੱਲ ਦਾ ਕੋਈ ਜਵਾਬ ਨਾ ਦਿੱਤਾ ਕਿ ਹਸਪਤਾਲ ਵਿੱਚ ਸਕੈਨਿੰਗ ਟੈਸਟ ਨਾ ਹੋਣ ਵਾਲੇ ਦਿਨਾਂ ਅੰਦਰ ਹੀ ਹਸਪਤਾਲ ਦੇ ਕੁਝ ਡਾਕਟਰ ਧੜਾਧੜ ਸਕੈਨਿੰਗ ਦੇ ਟੈਸਟ ਕਿਉਂ ਲਿਖਦੇ ਹਨ।