ਸ੍ਰੀ ਫ਼ਤਹਿਗੜ੍ਹ ਸਾਹਿਬ/22 ਨਵੰਬਰ :
(ਰਵਿੰਦਰ ਸਿੰਘ ਢੀਂਡਸਾ)
ਮਾਤਾ ਗੁਜਰੀ ਕਾਲਜ ਦੇ ਇਨੋਵੇਸ਼ਨ ਸੈੱਲ ਅਤੇ ਮੈਨੇਜਮੈਂਟ ਐਸੋਸੀਏਸ਼ਨ ਵੱਲੋਂ ਮੈਨੇਜਮੈਂਟ ਸਟੱਡੀਜ਼ ਵਿਭਾਗ ਦੇ ਵਿਦਿਆਰਥੀਆਂ ਲਈ 'ਸਟਾਰਟਅੱਪ ਸਪਲੈਸ਼' ਸਮਾਗਮ ਕਰਵਾਇਆ ਗਿਆ ਜਿਸ ਵਿੱਚ ਕੁੱਲ 6 ਟੀਮਾਂ ਨੇ ਭਾਗ ਲਿਆ। ਇਸ ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਜੱਜ ਸਾਹਿਬਾਨ ਸਾਹਮਣੇ ਨਵੇਂ ਉਤਪਾਦਾਂ ਜਾਂ ਸੇਵਾਵਾਂ ਸਬੰਧੀ ਸਟਾਰਟਅੱਪ ਯੋਜਨਾ ਪੇਸ਼ ਕਰਨ ਲਈ ਉਤਸ਼ਾਹਿਤ ਕਰਨਾ ਸੀ। ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਇਨੋਵੇਸ਼ਨ ਸੈੱਲ ਅਤੇ ਮੈਨੇਜਮੈਂਟ ਐਸੋਸੀਏਸ਼ਨ ਦੇ ਇਸ ਸਾਂਝੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੇ ਵਿੱਦਿਅਕ ਅਤੇ ਵਿਹਾਰਕ ਵਿਕਾਸ ਵਿਚ ਵਡਮੁੱਲਾ ਯੋਗਦਾਨ ਪਾਉਂਦੇ ਹਨ। ਮੁਕਾਬਲੇ ਵਿੱਚ ਬੀ.ਬੀ.ਏ. ਭਾਗ ਦੂਸਰਾ ਦੀਆਂ ਵਿਦਿਆਰਥਣਾਂ ਲਵਪ੍ਰੀਤ ਕੌਰ, ਸੁਖਜੀਤ ਕੌਰ, ਖੁਸ਼ਦੀਪ ਕੌਰ ਅਤੇ ਕੋਮਲਪ੍ਰੀਤ ਕੌਰ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਬੀ.ਬੀ.ਏ. ਭਾਗ ਦੂਸਰਾ ਦੀਆਂ ਟੀਮਾਂ ਨੇ ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ। ਮੈਨੇਜਮੈਂਟ ਸਟੱਡੀਜ਼ ਵਿਭਾਗ ਦੇ ਮੁਖੀ ਡਾ. ਕਮਲਪ੍ਰੀਤ ਕੌਰ ਨੇ ਵਿਦਿਆਰਥੀਆਂ ਦੀ ਨਵੀਨਤਾ, ਪੇਸ਼ਕਾਰੀ ਅਤੇ ਸੰਚਾਰ ਦੇ ਹੁਨਰ ਨੂੰ ਵਿਕਸਤ ਕਰਨ ਲਈ ਅਜਿਹੇ ਸਮਾਗਮਾਂ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ ਵਿਦਿਆਰਥੀਆਂ ਨੂੰ ਅੱਗੇ ਵੀ ਅਜਿਹੇ ਪ੍ਰੋਗਰਾਮਾਂ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ।ਇਸ ਮੌਕੇ ਜੱਜ ਸਾਹਿਬਾਨ ਦੀ ਭੂਮਿਕਾ ਪ੍ਰੋ. ਰਤਨੇਸ਼ਪਾਲ ਸਿੰਘ ਅਤੇ ਡਾ. ਸੌਰਵ ਸ਼ਰਮਾ ਨੇ ਨਿਭਾਈ। ਪ੍ਰੋ. ਰਤਨੇਸ਼ਪਾਲ ਸਿੰਘ ਨੇ ਈਵੈਂਟ ਕੋਆਰਡੀਨੇਟਰ ਅਤੇ ਡਾ. ਜਸ਼ਨਜੀਤ ਕੌਰ ਤੇ ਪ੍ਰੋ. ਫ਼ਤਹਿਮਾਨ ਕੌਰ ਨੇ ਸਮਾਗਮ ਦੇ ਪ੍ਰਬੰਧਕੀ ਸਕੱਤਰ ਵਜੋਂ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਡਾ. ਮਨਪ੍ਰੀਤ ਕੌਰ, ਡਾ. ਨੀਤਿਕਾ ਵਰਮਾ ਅਤੇ ਪ੍ਰੋ. ਸਤਿੰਦਰ ਕੌਰ ਵੀ ਹਾਜ਼ਰ ਸਨ।