ਸ੍ਰੀ ਫ਼ਤਹਿਗੜ੍ਹ ਸਾਹਿਬ/ 21 ਮਈ (ਰਵਿੰਦਰ ਸਿੰਘ ਢੀਂਡਸਾ) : ਜਿਲਾ ਫਤਿਹਗੜ੍ਹ ਸਾਹਿਬ ਦੇ ਪੇਂਡੂ ਅਤੇ ਸ਼ਹਿਰੀ ਏਰੀਏ ਵਿੱਚ ਐਮਰਜੈਂਸੀ ਸੇਵਾ ਪ੍ਰਦਾਨ ਕਰਨ ਵਾਲੀਆਂ 108 ਐਮਬੂਲੈਂਸਾਂ ਵਿੱਚ ਕੰਮ ਕਰਦੇ ਸਮੂਹ ਮੁਲਾਜ਼ਮਾਂ ਨੂੰ ਇਸ ਖੇਤਰ ਵਿੱਚ ਵਧੀਆ ਸੇਵਾਵਾਂ ਪ੍ਰਦਾਨ ਕਰਨ ਬਦਲੇ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਵੱਲੋਂ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਨਾ ਸਮੂਹ ਮੁਲਾਜ਼ਮਾਂ ਨੂੰ ਸਨਮਾਨਿਤ ਕਰਦਿਆਂ ਡਾ. ਦਵਿੰਦਰਜੀਤ ਕੌਰ ਨੇ ਕਿਹਾ ਕਿ ਜ਼ਿਕਿਟਜ਼ਾ ਹੈਲਥ ਕੇਅਰ ਕੰਪਨੀ ਵੱਲੋਂ ਜੋ 108 ਐਬੂਲੈਂਸ ਦੀਆਂ ਸੇਵਾਵਾਂ ਆਮ ਲੋਕਾਂ ਨੂੰ ਮੁੱਹਈਆ ਕਰਵਾਈਆਂ ਜਾ ਰਹੀਆਂ ਹਨ ਉਹ ਬਹੁਤ ਹੀ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਇਸ ਖੇਤਰ ਵਿੱਚ ਵਧੀਆ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਪ੍ਰੋਤਸਾਹਿਤ ਕਰਨ ਨਾਲ ਇਨ੍ਹਾਂ ਅੰਦਰ ਹੋਰ ਉਤਸ਼ਾਹ ਪੈਦਾ ਹੋਵੇਗਾ ਜਿਸ ਨਾਲ ਉਹ ਅੱਗੋਂ ਤੋਂ ਹੋਰ ਵੀ ਵਧੀਆ ਕੰਮ ਕਰਨ ਦੀ ਕੋਸ਼ਿਸ਼ ਕਰਨਗੇ। ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਰਿਤਾ ਨੇ ਕਿਹਾ ਕਿ ਐਂਬੂਲੈਂਸਾਂ ਵਿੱਚ ਤਾਇਨਾਤ ਇਹ ਕਰਮਚਾਰੀ ਲੋੜਵੰਦ ਵਿਅਕਤੀਆਂ ਨੂੰ ਸਮੇਂ ਸਿਰ ਮੈਡੀਕਲ ਸਹਾਇਤਾ ਦਿਵਾ ਕੇ ਉਹਨਾਂ ਦੀ ਜਾਨ ਬਚਾਉਣ ਲਈ ਹਮੇਸ਼ਾ ਤਤਪਰ ਰਹਿੰਦੇ ਹਨ ਅਤੇ ਸਮੇਂ ਸਿਰ ਮਰੀਜ਼ ਨੂੰ ਹਸਪਤਾਲ ਪਹੁੰਚਾਉਣ ਵਿੱਚ ਮਦਦ ਕਰਦੇ ਹਨ। ਇਸ ਮੌਕੇ ਡਾ. ਦਵਿੰਦਰਜੀਤ ਕੌਰ, ਡਾ. ਸਰਿਤਾ ,ਕੰਪਨੀ ਦੇ ਆਪਰੇਸ਼ਨ ਹੈਡ ਗੁਰਮਨਦੀਪ ਸਿੰਘ ਅਤੇ ਕਲਸਟਰ ਮੈਨੇਜਰ ਹਰਮਨ ਸਿੰਘ ਵਲੋਂ 108 ਐਂਬੂਲੈਂਸ ਸਟਾਫ਼ ਨੂੰ ਡਿਊਟੀ ਦੌਰਾਨ ਆ ਰਹੀਆਂ ਮੁਸ਼ਕਿਲਾਂ ਬਾਰੇ ਵੀ ਚਰਚਾ ਕੀਤੀ ਗਈ।