ਏਜੰਸੀਆਂ
ਨਵੀਂ ਦਿੱਲੀ/21 ਮਈ : ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ਼ ਇੰਡੀਆ (ਐਫਐਸਐਸਏਆਈ) ਨੇ ਐਲਾਨ ਕੀਤਾ ਹੈ ਕਿ ਦੇਸ਼ ਭਰ ਵਿੱਚ ਮਸਾਲਿਆਂ ਦੇ ਨਮੂਨਿਆਂ ਦੀ ਵਿਆਪਕ ਜਾਂਚ ਵਿੱਚ ਕੈਂਸਰ ਪੈਦਾ ਕਰਨ ਵਾਲੇ ਰਸਾਇਣਕ ਐਥੀਲੀਨ ਆਕਸਾਈਡ (ਈਟੀਓ) ਦੇ ਕੋਈ ਨਿਸ਼ਾਨ ਨਹੀਂ ਮਿਲੇ ਹਨ।
ਸੂਤਰਾਂ ਅਨੁਸਾਰ ਹਾਂਗਕਾਂਗ ਫੂਡ ਅਥਾਰਟੀ ਵੱਲੋਂ ਜਤਾਈ ਗਈ ਤਾਜ਼ਾ ਚਿੰਤਾ ਤੋਂ ਬਾਅਦ ਐਫਐਸਐਸਏਆਈ ਨੇ 22 ਅਪ੍ਰਲ ਨੂੰ ਇੱਕ ਦੇਸ਼ ਵਿਆਪੀ ਨਿਰੀਖਣ ਮੁਹਿੰਮ ਸ਼ੁਰੂ ਕੀਤੀ, ਜਿਸ ਵਿੱਚ ਸਾਰੇ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਫੂਡ ਸੇਫਟੀ ਕਮਿਸ਼ਨਰ ਅਤੇ ਖੇਤਰੀ ਨਿਰਦੇਸ਼ਕ ਸ਼ਾਮਲ ਸਨ। ਇਸ ਪਹਿਲਕਦਮੀ ਤਹਿਤ ਐਵਰੈਸਟ ਅਤੇ ਐਮਡੀਐਚ ਮਸਾਲਿਆਂ ਦੇ 34 ਨਮੂਨੇ ਜਾਂਚ ਲਈ ਇਕੱਠੇ ਕੀਤੇ ਗਏ ਸਨ। ਖਾਸ ਤੌਰ ’ਤੇ ਮਹਾਰਾਸ਼ਟਰ ਅਤੇ ਗੁਜਰਾਤ ਵਿੱਚ ਐਵਰੈਸਟ ਦੇ 9 ਨਮੂਨਿਆਂ ਅਤੇ ਦਿੱਲੀ, ਹਰਿਆਣਾ ਅਤੇ ਰਾਜਸਥਾਨ ਤੋਂ ਐਮਡੀਐਚ ਦੇ 25 ਨਮੂਨਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਸੀ। ਇਨ੍ਹਾਂ ਖੋਜਾਂ ਦੇ ਮੱਦੇਨਜ਼ਰ ਐਫਐਸਐਸਏਆਈ ਨੇ ਭਾਰਤੀ ਬਾਜ਼ਾਰ ਵਿੱਚ ਉਪਲਬਧ ਮਸਾਲਿਆਂ ਦੀ ਸੁਰੱਖਿਆ ਬਾਰੇ ਖਪਤਕਾਰਾਂ ਨੂੰ ਭਰੋਸਾ ਦਿਵਾਇਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਇਕ ਅਧਿਕਾਰੀ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਇਨ੍ਹਾਂ ਦੋਵਾਂ ਕੰਪਨੀਆਂ ਦੇ ਸੈਂਪਲਾਂ ਦੀ ਜਾਂਚ ਕੀਤੀ ਹੈ। ਇਸ ਵਿੱਚ ਐਮਡੀਐਚ ਦੇ ਸਾਰੇ 18 ਨਮੂਨੇ ਮਿਆਰਾਂ ਅਨੁਸਾਰ ਪਾਏ ਗਏ। ਹਾਲਾਂਕਿ, ਐਵਰੈਸਟ ਦੇ 12 ’ਚੋਂ ਕੁਝ ਨਮੂਨਿਆਂ ਵਿੱਚ ਐਥੀਲੀਨ ਆਕਸਾਈਡ ਦੀ ਮਾਤਰਾ ਵਧ ਸੀ।
ਕੇਂਦਰ ਸਰਕਾਰ ਨੇ ਐਵਰੈਸਟ ਨੂੰ ਆਪਣੇ ਉਤਪਾਦਾਂ ਵਿੱਚ ਸੁਧਾਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਕੰਪਨੀ ਨੂੰ ਇੱਕ ਈ-ਮੇਲ ਵੀ ਭੇਜੀ ਗਈ ਹੈ, ਜਿਸ ਦਾ ਜਵਾਬ ਹਾਲੇ ਨਹੀਂ ਮਿਲਿਆ ਹੈ। ਇਸ ਤੋਂ ਇਲਾਵਾ ਮਸਾਲੇ ਬਣਾਉਣ ਵਾਲੀਆਂ ਦੋਵੇਂ ਕੰਪਨੀਆਂ ਨੂੰ ਉਤਪਾਦ ਬਣਾਉਣ, ਉਸ ਦੀ ਪੈਕੇਜਿੰਗ, ਸਟੋਰੇਜ ਅਤੇ ਟਰਾਂਸਪੋਰਟੇਸ਼ਨ ਦੌਰਾਨ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ।
ਉਤਪਾਦ ਆਪਣੀ ਸਹੀ ਜਗ੍ਹਾਂ ’ਤੇ ਪਹੁੰਚਣ ਇਸ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ, ਮਸਾਲਾ ਬੋਰਡ ਨੇ ਸਿੰਗਾਪੁਰ ਅਤੇ ਹਾਂਗਕਾਂਗ ਜਾਣ ਵਾਲੇ ਉਤਪਾਦਾਂ ’ਚ ਈਥਲੀਨ ਅਕਸਾਇਡ ਦੀ ਜਾਂਚ ਲਈ ਪ੍ਰੀ-ਸ਼ਿਪਮੈਂਟ ਸੈਂਪਲਿੰਗ ਅਤੇ ਟੈਸਟਿੰਗ ਨੂੰ ਲਾਜ਼ਮੀ ਬਣਾਇਆ ਹੈ।
ਜ਼ਿਕਰਯੋਗ ਹੈ ਕਿ ਸਿੰਗਾਪੁਰ ਅਤੇ ਹਾਂਗਕਾਂਗ ’ਚ ਅਪ੍ਰੈਲ ਮਹੀਨੇ ਦੌਰਾਨ ਐਮਡੀਐਚ ਅਤੇ ਐਵਰੇਸਟ ਦੇ ਕੁਝ ਮਸਾਲਿਆਂ ’ਚ ਪੇਸਟੀਸਾਇਡ ਈਥਲੀਨ ਅਕਸਾਇਡ ਦੀ ਲਿਮਟ ਤੋਂ ਵਧ ਮਾਤਰਾ ਹੋਣ ਦਾ ਦਾਅਵਾ ਕੀਤਾ ਗਿਆ ਸੀ। ਇਸ ਤੋਂ ਬਾਅਦ ਮੀਡੀਆ ਰਿਪੋਰਟਾਂ ’ਚ ਕਿਹਾ ਗਿਆ ਸੀ ਕਿ ਦੋਵੇਂ ਦੇਸ਼ਾਂ ’ਚ ਐਮਡੀਐਚ ਅਤੇ ਐਵਰੇਸਟ ਕੰਪਨੀਆਂ ਦੇ ਕੁਝ ਉਤਪਾਦਾਂ ਨੂੰ ਬੰਦ ਕੀਤਾ ਗਿਆ ਹੈ।