ਸ੍ਰੀ ਫ਼ਤਹਿਗੜ੍ਹ ਸਾਹਿਬ/28 ਜੂਨ:
(ਸ੍ਰੀ ਫ਼ਤਹਿਗੜ੍ਹ ਸਾਹਿਬ)
ਸਿਹਤ ਵਿਭਾਗ ਵੱਲੋਂ ਜੂਨ ਮਹੀਨਾ ਬਤੌਰ ਮਲੇਰੀਆ ਵਿਰੋਧੀ ਮਹੀਨਾ ਮਨਾਇਆ ਜਾ ਰਿਹਾ ਹੈ। ਜਿਸ ਤਹਿਤ ਸਿਹਤ ਵਿਭਾਗ ਦੀਆਂ 57 ਟੀਮਾਂ ਵੱਲੋਂ ਹੁਣ ਤੱਕ 22305 ਘਰਾਂ ਦੀ ਚੈਕਿੰਗ ਕੀਤੀ ਗਈ ਹੈ ਜਿਨਾਂ ਵਿੱਚੋਂ 254 ਘਰਾਂ ਵਿੱਚ ਮੱਛਰ ਦਾ ਲਾਰਵਾ ਮਿਲਿਆ ਜਦਕਿ 46403 ਪਾਣੀ ਵਾਲੇ ਕੰਟੇਨਰਾਂ ਨੂੰ ਖਾਲੀ ਕਰਵਾਇਆ ਗਿਆ ਜਿਨਾਂ ਵਿੱਚੋਂ 258 ਕੰਟੇਨਰਾਂ ਵਿੱਚ ਮੱਛਰ ਦਾ ਲਾਰਵਾ ਪਾਇਆ ਗਿਆ ਸੀ ,ਇਸ ਤਰਾਂ ਕੁੱਲ 512 ਥਾਵਾਂ ਤੋਂ ਮੱਛਰ ਦੇ ਲਾਰਵੇ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਮੌਕੇ ਤੇ ਹੀ ਨਸ਼ਟ ਕਰਵਾਇਆ ਗਿਆ। ਇਹ ਜਾਣਕਾਰੀ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਨੇ ਅਰਬਨ ਪੀ.ਐਚ.ਸੀ. ਬਾੜਾ ਵਿਖੇ ਮਲੇਰੀਆ ਸਬੰਧੀ ਜਾਗਰੂਕਤਾ ਕੈਂਪ ਨੂੰ ਸੰਬੋਧਨ ਕਰਦਿਆਂ ਸਾਂਝੀ ਕੀਤੀ। ਉਨਾਂ ਦੱਸਿਆ ਕਿ ਜ਼ਿਲੇ ਅੰਦਰ 11791 ਘਰਾਂ ਵਿੱਚ ਲਾਰਵੀਸਾਈਡ ਸਪਰੇ ਕੀਤੀ ਗਈ ਅਤੇ 384 ਬੁਖਾਰ ਦੇ ਸ਼ੱਕੀ ਮਰੀਜ਼ਾਂ ਦੇ ਮਲੇਰੀਆ ਸਬੰਧੀ ਟੈਸਟ ਕੀਤੇ ਗਏ ਪਰ ਇਹਨਾਂ ਵਿੱਚੋਂ ਕੋਈ ਵੀ ਮਲੇਰੀਏ ਦਾ ਪਾਜੇਟਿਵ ਕੇਸ ਨਹੀਂ ਨਿਕਲਿਆ। ਉਹਨਾਂ ਜਾਗਰੂਕ ਕੈਂਪ ਨੂੰ ਸੰਬੋਧਨ ਕਰਦਿਆਂ ਮਲੇਰੀਏ ਤੋਂ ਬਚਣ ਲਈ ਸਾਫ ਸਫਾਈ ਰੱਖਣ, ਆਲੇ ਦੁਆਲੇ ਪਾਣੀ ਖੜਾ ਨਾ ਹੋਣ ਦੇਣ, ਮੱਛਰ ਭੁਜਾਊ ਜੰਤਰਾਂ ਅਤੇ ਕਰੀਮਾਂ ਦਾ ਇਸਤੇਮਾਲ ਕਰਨ, ਵੱਧ ਤੋਂ ਵੱਧ ਸਰੀਰ ਨੂੰ ਢੱਕਣ ਵਾਲੇ ਕੱਪੜੇ ਪਹਿਨਣ ਅਤੇ ਲੋੜ ਪੈਣ ਤੇ ਨੇੜੇ ਦੇ ਸਿਹਤ ਕੇਂਦਰ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸਿਹਤ ਵਿਭਾਗ ਵੱਲੋਂ ਜ਼ਿਲਾ ਐਪੀਡਿਮੋਲੋਜਿਸਟ ਡਾ. ਗੁਰਪ੍ਰੀਤ ਕੌਰ, ਡਾ. ਗੁਰਵਿੰਦਰਵੀਰ ਸਿੰਘ, ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਜਸਵਿੰਦਰ ਕੌਰ ਅਤੇ ਬਚਿੱਤਰ ਸਿੰਘ ਤੋਂ ਇਲਾਵਾ ਆਮ ਲੋਕ ਵੀ ਹਾਜ਼ਰ ਸਨ।