ਚੰਡੀਗੜ੍ਹ, 29 ਜੂਨ
ਮੌਸਮ ਵਿਭਾਗ ਨੇ ਅਗਲੇ ਦੋ-ਤਿੰਨ ਦਿਨਾਂ ਅੰਦਰ ਮਾਨਸੂਨ ਦੇ ਸਾਰੇ ਪੰਜਾਬ ਤੇ ਹਰਿਆਣਾ ’ਚ ਪਹੁੰਚਣ ਦੀ ਉਮੀਦ ਜ਼ਾਹਿਰ ਕਰਦਿਆਂ ਇਨ੍ਹਾਂ ਸੂਬਿਆਂ ’ਚ ਅਗਲੇ ਕੁਝ ਦਿਨ ਦੌਰਾਨ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਭਾਰਤੀ ਮੌਸਮ ਵਿਭਾਗ ਨੇ ਕਿਹਾ ਕਿ ਅਗਲੇ ਚਾਰ ਤੋਂ ਪੰਜ ਦਿਨਾਂ ਤੱਕ ਉੱਤਰ-ਪੱਛਮੀ ਭਾਰਤ ’ਚ ਭਾਰੀ ਮੀਂਹ ਪੈ ਸਕਦਾ ਹੈ। ਵਿਭਾਗ ਨੇ ਮੀਂਹ ਦੇ ਨਾਲ ਹਨੇਰੀ ਚੱਲਣ ਅਤੇ ਬਿਜਲੀ ਲਿਸ਼ਕਣ ਦੀ ਸੰਭਾਵਨਾ ਵੀ ਜ਼ਾਹਿਰ ਕੀਤੀ ਹੈ। ਵਿਭਾਗ ਨੇ ਦੱਸਿਆ ਕਿ ਮਾਨਸੂਨ ਇਸ ਸਮੇਂ ਹਿਮਾਚਲ ਪ੍ਰਦੇਸ਼, ਲੱਦਾਖ਼, ਕਸ਼ਮੀਰ, ਜੰਮੂ ਅਤੇ ਦਿੱਲੀ ਦੇ ਬਹੁਤੇ ਹਿੱਸਿਆਂ ਦੇ ਨਾਲ ਨਾਲ ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ ’ਚ ਪਹੁੰਚ ਚੁੱਕਾ ਹੈ।
ਵਿਭਾਗ ਨੇ ਕਿਹਾ ਕਿ ਮਾਨਸੂਨ ਦੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਦੇ ਬਾਕੀ ਹਿੱਸਿਆਂ ਅਤੇ ਚੰਡੀਗੜ੍ਹ ਵੱਲ ਵਧਣ ਲਈ ਸਥਿਤੀਆਂ ਪੂਰੀ ਤਰ੍ਹਾਂ ਢੁੱਕਵੀਆਂ ਹਨ ਅਤੇ ਆਉਂਦੇ 2-3 ਦਿਨਾਂ ਅੰਦਰ ਇਹ ਇੱਥੇ ਪਹੁੰਚ ਜਾਵੇਗਾ। ਵਿਭਾਗ ਨੇ ਦੱਸਿਆ ਕਿ 29 ਤੇ 30 ਜੂਨ ਨੂੰ ਹਿਮਾਚਲ ਪ੍ਰਦੇਸ਼, 30 ਜੂਨ ਅਤੇ 1 ਜੁਲਾਈ ਨੂੰ ਪੰਜਾਬ ਅਤੇ 29 ਜੂਨ ਤੋਂ 1 ਜੁਲਾਈ ਤੱਕ ਹਰਿਆਣਾ, ਚੰਡੀਗੜ੍ਹ ਤੇ ਦਿੱਲੀ ’ਚ ਭਾਰੀ ਮੀਂਹ ਪੈ ਸਕਦਾ ਹੈ।