(ਰਵਿੰਦਰ ਸਿੰਘ ਢੀਂਡਸਾ)
ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਡਾ. ਬਲਵੀਰ ਸਿੰਘ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਤੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲਾ ਫਤਿਹਗੜ ਸਾਹਿਬ ਅੰਦਰ ਸਿਵਲ ਸਰਜਨ ਡਾਕਟਰ ਦਵਿੰਦਰਜੀਤ ਕੌਰ ਦੀ ਅਗਵਾਈ ਹੇਠ ਜੁਲਾਈ ਮਹੀਨੇ ਨੂੰ ਬਤੌਰ ਡੇਂਗੂ ਵਿਰੋਧੀ ਮਹੀਨਾ ਮਨਾਇਆ ਜਾਵੇਗਾ। ਡੇਂਗੂ ਵਿਰੋਧੀ ਗਤੀਵਿਧੀਆਂ ਕਰਨ ਲਈ 57 ਟੀਮਾਂ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ 40 ਨਵੇਂ ਬਰੀਡ ਚੈੱਕਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਜੋ ਕਿ ਜ਼ਿਲ੍ਹੇ ਦੇ ਸਾਰੇ ਸ਼ਹਿਰਾਂ ਅਤੇ ਪੇਂਡੂ ਖੇਤਰਾਂ ਵਿੱਚ ਜਾ ਕੇ ਮੱਛਰ ਦਾ ਲਾਰਵਾ ਮਿਲਣ ਤੇ ਮੱਛਰ ਮਾਰ ਦਵਾਈਆਂ ਦੀ ਸਪਰੇ ਕਰਨਗੇ। ਇਹ ਜਾਣਕਾਰੀ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ 40 ਬਰੀਡ ਚੈੱਕਰਾਂ ਨੂੰ ਸਿਵਲ ਸਰਜਨ ਦਫਤਰ ਤੋਂ ਟਰੇਨਿੰਗ ਦੇ ਕੇ ਰਵਾਨਾ ਕਰਨ ਸਮੇਂ ਦਿੱਤੀ। ਡਾ. ਦਵਿੰਦਰਜੀਤ ਕੌਰ ਨੇ ਕਿਹਾ ਕਿ ਹੁਣ ਬਰਸਾਤੀ ਮੌਸਮ ਸ਼ੁਰੂ ਹੋ ਚੁੱਕਾ ਹੈ ਇਸ ਮੌਸਮ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਪਾਣੀ ਖੜਨ ਅਤੇ ਖੜੇ ਪਾਣੀ ਵਿੱਚ ਮੱਛਰ ਪੈਦਾ ਹੋਣ ਦੀ ਤਾਦਾਦ ਵੱਧ ਸਕਦੀ ਹੈ। ਉਹਨਾਂ ਕਿਹਾ ਕਿ ਏਡੀਜ ਅਜਿਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਡੇਂਗੂ ਬੁਖਾਰ ਫੈਲਦਾ ਹੈ, ਇਹ ਮੱਛਰ ਸਾਫ ਅਤੇ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ ਇਸ ਲਈ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜਿਲੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਕੈਂਪ ਲਗਾ ਕੇ ਤੇ ਘਰ ਘਰ ਜਾ ਕੇ ਆਮ ਲੋਕਾਂ ਨੂੰ ਡੇਂਗੂ ਸਬੰਧੀ ਜਾਗਰੂਕ ਅਤੇ ਫੀਵਰ ਸਰਵੇ ਕੀਤਾ ਜਾਵੇਗਾ । ਉਹਨਾਂ ਕਿਹਾ ਕਿ ਸ਼ਹਿਰਾਂ ਵਿੱਚ ਨਗਰ ਕੌਸਲਾਂ ਦੀ ਮਦਦ ਨਾਲ ਫੋਗਿੰਗ ਕਰਵਾਈ ਜਾਵੇਗੀ । ਲੋੜ ਪੈਣ ਤੇ ਡੇਂਗੂ ਪੋਜੀਟਿਵ ਘਰਾਂ ਦੇ ਆਲੇ ਦੁਆਲੇ ਮੱਛਰ ਮਾਰ ਸਪਰੇ ਵੀ ਕੀਤੀ ਜਾਵੇਗੀ ਅਤੇ ਆਮ ਲੋਕਾਂ ਨੂੰ ਫਰਾਈਡੇ ਬਤੌਰ ਡਰਾਈ ਡੇ ਮਨਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ।ਜਿਲਾ ਐਪੀਡਿਮੋਲੋਜਿਸਟ ਡਾ. ਗੁਰਪ੍ਰੀਤ ਕੌਰ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਰਸਾਤੀ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਛੱਤ ਉੱਤੇ ਪਏ ਟੁੱਟੇ ਫੁੱਟੇ ਬਰਤਣਾ / ਚੀਜ਼ਾਂ ਵਿੱਚ ਪਾਣੀ ਨਾ ਖੜਨ ਦਿੱਤਾ ਜਾਵੇ ਮੱਛਰ ਦਾ ਲਾਰਵਾ ਪੈਦਾ ਹੋਣ ਵਾਲੀਆਂ ਹੋਰ ਥਾਵਾਂ ਜਿਵੇਂ ਕੂਲਰਾਂ ਅਤੇ ਫਰਿਜਾਂ ਦੇ ਪਿਛਲੀਆਂ ਟਰੇਆਂ ਨੂੰ ਹਫਤੇ ਵਿੱਚ ਘੱਟੋ ਘੱਟ ਇੱਕ ਵਾਰ ਜਰੂਰ ਸਾਫ ਕਰਕੇ ਸੁਕਾ ਲਿਆ ਜਾਵੇ, ਛੱਤ ਤੇ ਪਾਣੀ ਦੀਆਂ ਟੈਂਕੀਆਂ ਦੇ ਢੱਕਣ ਲਗਾ ਕੇ ਰੱਖੇ ਜਾਣ, ਟਾਇਰਾਂ, ਵਾਧੂ ਪਏ ਬਰਤਨਾਂ ,ਗਮਲੇ, ਡਰਮ ਆਦਿ ਵਿੱਚ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ, ਰਾਤ ਨੂੰ ਸੌਣ ਸਮੇਂ ਮੱਛਰਦਾਨੀ ਮੱਛਰ ਭੁਜਾਉਣ ਵਾਲੀਆਂ ਕਰੀਮਾਂ, ਤੇਲ ਆਦਿ ਦੀ ਵਰਤੋਂ ਅਤੇ ਜਾਲੀਦਾਰ ਦਰਵਾਜਿਆਂ ਆਦਿ ਦਾ ਇਸਤੇਮਾਲ ਕੀਤਾ ਜਾਵੇ। ਉਹਨਾਂ ਦੱਸਿਆ ਕਿ ਜਿਲੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਡੇਂਗੂ ਦਾ ਟੈਸਟ ਮੁਫਤ ਕੀਤਾ ਜਾਂਦਾ ਹੈ। ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ. ਸਵਪਨਜੀਤ ਕੌਰ , ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਰਿਤਾ, ਸੀਨੀਅਰ ਮੈਡੀਕਲ ਅਫਸਰ ਡਾ. ਬਲਕਾਰ ਸਿੰਘ, ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਜਸਵਿੰਦਰ ਕੌਰ, ਸਿਹਤ ਸੁਪਰਵਾਈਜਰ ਜੀਤ ਸਿੰਘ ਤੋਂ ਇਲਾਵਾ ਸਮੂਹ ਬਰੀਡ ਚੈੱਕਰ ਹਾਜ਼ਰ ਸਨ।