ਸ੍ਰੀ ਫ਼ਤਹਿਗੜ੍ਹ ਸਾਹਿਬ/24 ਜੁਲਾਈ:
(ਰਵਿੰਦਰ ਸਿੰਘ ਢੀਂਡ)
ਕੇਂਦਰੀ ਮੰਤਰੀ ਨਿਰਮਲਾ ਸੀਤਾ ਰਮਨ ਵੱਲੋਂ ਪੇਸ਼ ਕੀਤਾ ਗਿਆ ਸੱਤਵਾਂ ਬਜਟ ਕੇਵਲ ਜੁਮਲੇਬਾਜ਼ੀ ਦੀ ਪੰਡ ਸਾਬਤ ਹੋਇਆ ਹੈ। ਇਹ ਪ੍ਰਗਟਾਵਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਬਜਟ ਪੇਸ਼ ਕੀਤਾ ਗਿਆ ਹੈ, ਉਸ ਦੇ ਵਿੱਚ ਕੋਈ ਨਵੀਂ ਤਜਵੀਜ ਨਹੀਂ ਹੈ। ਅਜਿਹੇ ਬਜਟ ਪਿਛਲੇ ਸਾਲਾਂ ਦੇ ਵਿੱਚ ਵੀ ਪੇਸ਼ ਕੀਤੇ ਗਏ ਸਨ ਤੇ ਉਹਨਾਂ ਵਿੱਚ ਵੀ ਵੱਡੇ ਵੱਡੇ ਵਾਅਦੇ ਕੀਤੇ ਗਏ ਸਨ, ਪਰੰਤੂ ਇੱਕ ਵੀ ਵਾਅਦਾ ਪੂਰਾ ਨਹੀਂ ਹੋਇਆ ਸੀ। ਵੱਡੀ ਸਮੱਸਿਆ ਨੌਜਵਾਨੀ ਵਿੱਚ ਬੇਰੁਜ਼ਗਾਰ ਦੂਰ ਕਰਨ ਦੀ ਹੈ, ਜਿਸ ਨੂੰ ਹੱਲ ਕਰਨ ਵਿਚ ਕੇਂਦਰ ਸਰਕਾਰ ਪੂਰੀ ਤਰ੍ਹਾਂ ਅਸਫਲ ਰਹੀ ਹੈ। ਉਨਾਂ ਕਿਹਾ ਕਿ ਬਿਹਾਰ ਵਰਗੇ ਸੂਬਿਆਂ ਨੂੰ ਇਸ ਬਜਟ ਵਿੱਚ ਵਿਸ਼ੇਸ਼ ਪੈਕੇਜ ਦੇ ਕੇ ਨਿਵਾਜਿਆ ਗਿਆ ਹੈ ਤੇ ਪੰਜਾਬ ਦੇ ਨਾਲ ਮਤਰੇਈ ਮਾਂ ਵਾਲਾ ਸਲੂਕ ਜਾਰੀ ਰਖਦੇ ਹੋਏ ਫਿਰ ਵਿਤਕਰਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਕੇਂਦਰ ਦੀ ਸਰਕਾਰ ਪਿਛਲੇ ਕਾਰਜਕਾਲ ਦੇ ਦੌਰਾਨ ਮਹਿੰਗਾਈ ਉੱਤੇ ਕਾਬੂ ਕਰਨ ਦੇ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ, ਜਿਸ ਕਾਰਨ ਆਮ ਲੋਕਾਂ ਦਾ ਕਚੂੰਬਰ ਨਿਕਲਿਆ ਪਿਆ ਹੈ। ਉਨਾਂ ਕਿਹਾ ਕਿ ਆਮ ਲੋਕਾਂ ਦੇ ਲਈ ਕੇਂਦਰ ਦੇ ਇਸ ਬਜਟ ਦੇ ਵਿੱਚ ਕੁਝ ਵੀ ਨਹੀਂ ਹੈ ਤੇ ਇਹ ਅੰਕੜੇ ਕੇਵਲ ਕਾਗਜ਼ਾਂ ਤੱਕ ਹੀ ਸੀਮਤ ਰਹਿ ਜਾਣਗੇ।